12.6 C
Vancouver
Tuesday, October 6, 2026

5 ਬਾਗ਼ੀ ਕੰਜ਼ਰਵੇਟਿਵ ਵਿਧਾਇਕਾਂ ਨੇ ਬਣਾਈ ਨਵੀਂ ਪਾਰਟੀ

ਐਨ.ਡੀ.ਪੀ. ਅਤੇ ਕੰਜ਼ਰਵੇਟਿਵਾਂ ਤੋਂ ਨਿਰਾਸ਼ ਵੋਟਰਾਂ ਲਈ ਬਦਲ, ਨੌਂ ਵਿਧਾਇਕ ਛੱਡ ਚੁੱਕੇ ਹਨ ਪਾਰਟੀ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿੱਥੇ ਕੰਜ਼ਰਵੇਟਿਵ ਪਾਰਟੀ ਛੱਡਣ ਵਾਲੇ ਪੰਜ ਵਿਧਾਇਕਾਂ ਨੇ ਇਕੱਠੇ ਹੋ ਕੇ ਇੱਕ ਨਵੀਂ ਸੂਬਾਈ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਵਿਧਾਇਕ ਅਗਲੇ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਪੂਰੀ ਤਰ੍ਹਾਂ ਸਰਗਰਮ ਕਰਨ ਦੀ ਯੋਜਨਾ ਬਣਾ ਰਹੇ ਹਨ। ਸ਼ੁੱਕਰਵਾਰ ਨੂੰ ਰੋਜ਼ਾਲਿਨ ਬਰਡ, ਬਰੂਸ ਬੈਨਮੈਨ ਅਤੇ ਆਲੀਆ ਵਾਰਬਸ ਨੇ ਪੀਟਰ ਮਿਲੋਬਾਰ ਅਤੇ ਇਆਨ ਪੈਟਨ ਨਾਲ ਮਿਲ ਕੇ ਇਸ ਨਵੇਂ ਸਿਆਸੀ ਮੰਚ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਪੰਜੇ ਆਗੂ ਉਨ੍ਹਾਂ ਨੌਂ ਵਿਧਾਇਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਕੈਰੀ-ਲਿਨ ਫਿੰਡਲੇ ਦੀ ਅਗਵਾਈ ਤੋਂ ਨਾਰਾਜ਼ ਹੋ ਕੇ ਹਾਲ ਹੀ ਦੇ ਹਫ਼ਤਿਆਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਸਾਥ ਛੱਡਿਆ ਹੈ। ਨਵੀਂ ਪਾਰਟੀ ਦੇ ਅੰਤਰਿਮ ਆਗੂ ਬਣੇ ਪੀਟਰ ਮਿਲੋਬਾਰ ਨੇ ਦੱਸਿਆ ਕਿ ਉਹ ਉਨ੍ਹਾਂ ਵੋਟਰਾਂ ਲਈ ਇੱਕ ਭਰੋਸੇਯੋਗ ਵਿਕਲਪ ਪੇਸ਼ ਕਰਨਾ ਚਾਹੁੰਦੇ ਹਨ ਜੋ ਸੱਤਾਧਾਰੀ ਐਨਡੀਪੀ ਤੋਂ ਅੱਕ ਚੁੱਕੇ ਹਨ ਪਰ ਮੌਜੂਦਾ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਵੀ ਨਹੀਂ ਕਰਨਾ ਚਾਹੁੰਦੇ। ਪਾਰਟੀ ਦੇ ਨਾਮ ਦੀ ਰਜਿਸਟ੍ਰੇਸ਼ਨ ਲਈ ਇਲੈਕਸ਼ਨਜ਼ ਬੀਸੀ ਨਾਲ ਪ੍ਰਕਿਰਿਆ ਚੱਲ ਰਹੀ ਹੈ ਅਤੇ 5 ਅਕਤੂਬਰ ਨੂੰ ਵਿਧਾਨ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕਾਨੂੰਨੀ ਕਦਮ ਪੂਰੇ ਕਰ ਲਏ ਜਾਣਗੇ।
ਇਹ ਨਵਾਂ ਗਰੁੱਪ ਵਿਧਾਨ ਸਭਾ ਵਿੱਚ ਅਧਿਕਾਰਤ ਤੀਜੀ ਧਿਰ ਵਜੋਂ ਬੈਠਣ ਦੀ ਯੋਜਨਾ ਬਣਾ ਰਿਹਾ ਹੈ। ਪਾਰਟੀ ਦੇ ਮੁੱਖ ਏਜੰਡੇ ਵਿੱਚ ਮਹਿੰਗਾਈ, ਆਰਥਿਕਤਾ, ਸਿਹਤ ਸੰਭਾਲ, ਟੈਕਸ ਪ੍ਰਣਾਲੀ ਅਤੇ ਸਰੋਤ ਵਿਕਾਸ ਸ਼ਾਮਲ ਹੋਣਗੇ। ਮਿਲੋਬਾਰ ਨੇ ਕਿਹਾ ਕਿ ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿੰਡਲੇ ਨੇ ਮਈ ਵਿੱਚ ਬਹੁਤ ਹੀ ਮਾਮੂਲੀ ਫ਼ਰਕ ਨਾਲ ਕੰਜ਼ਰਵੇਟਿਵ ਲੀਡਰਸ਼ਿਪ ਜਿੱਤੀ ਸੀ, ਜਿਸ ਤੋਂ ਬਾਅਦ ਪਾਰਟੀ ਅੰਦਰ ਫੁੱਟ ਲਗਾਤਾਰ ਡੂੰਘੀ ਹੁੰਦੀ ਗਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ