ਮਾਲੀਬੂ ਵਿੱਚ ਗੈਸ ਲੀਕ ਮਗਰੋਂ ਜ਼ਮੀਨ ਧਸੀ
ਵੈਨਕੂਵਰ (ਏਕਜੋਤ ਸਿੰਘ): ਅਮਰੀਕਾ ਦੇ ਮਸ਼ਹੂਰ ਸ਼ਹਿਰ ਮਾਲੀਬੂ ਵਿੱਚ ਹਾਲੀਵੁੱਡ ਅਦਾਕਾਰ ਨਿਕੋਲਸ ਕੇਜ ਦੀ ਰਿਹਾਇਸ਼ਗਾਹ ਦੀ ਨਿੱਜੀ ਡਰਾਈਵਵੇਅ ਹੇਠਾਂ ਅਚਾਨਕ ਜ਼ਮੀਨ ਧਸਣ ਕਾਰਨ ਭਾਰੀ ਪਾੜ ਪੈ ਗਿਆ। ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਆਸ-ਪਾਸ ਦੇ ਦਰਜਨਾਂ ਰਿਹਾਇਸ਼ੀ ਘਰਾਂ ਨੂੰ ਤੁਰੰਤ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸ਼ਹਿਰੀ ਅਧਿਕਾਰੀਆਂ ਅਨੁਸਾਰ ਜ਼ਮੀਨ ਹੇਠੋਂ ਗੈਸ ਲੀਕ ਹੋਣ ਕਾਰਨ ਇਹ ਵੱਡਾ ਟੋਆ ਬਣਿਆ, ਜਿਸ ਨੇ ਕੁਝ ਹੀ ਘੰਟਿਆਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ। ਐਮਰਜੈਂਸੀ ਸੇਵਾਵਾਂ ਨੂੰ ਮੰਗਲਵਾਰ ਤੜਕੇ 5:45 ਵਜੇ ਗੈਸ ਲੀਕ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚਣ ਤੱਕ ਇਹ ਪਾੜ 30 ਫੁੱਟ ਤੋਂ ਵੱਧ ਚੌੜਾ ਹੋ ਚੁੱਕਾ ਸੀ ਅਤੇ ਕੇਜ ਦੇ ਘਰ ਦੇ ਮੁੱਖ ਰਸਤੇ ਨੂੰ ਪੂਰੀ ਤਰ੍ਹਾਂ ਨਿਗਲ ਚੁੱਕਾ ਸੀ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਐਮਰਜੈਂਸੀ ਵਿਭਾਗ ਦੇ ਡਾਇਰੈਕਟਰ ਨੇ ਮੰਗਲਵਾਰ ਸ਼ਾਮ ਨੂੰ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਕੇਜ ਨੇ ਇਹ 4,000 ਵਰਗ ਫੁੱਟ ਦਾ ਆਲੀਸ਼ਾਨ ਚਾਰ-ਮੰਜ਼ਿਲਾ ਘਰ ਸਾਲ 2024 ਵਿੱਚ ਖ਼ਰੀਦਿਆ ਸੀ, ਜਿੱਥੋਂ ਬੀਚ ਵੱਲ ਸਿੱਧਾ ਰਸਤਾ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਫਿਲਹਾਲ ਪੰਜ ਘਰਾਂ ਦੇ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨ ‘ਮੈਰੀ’ ਕਾਰਨ ਆਉਣ ਵਾਲੀਆਂ ਉੱਚੀਆਂ ਸਮੁੰਦਰੀ ਲਹਿਰਾਂ ਅਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਖ਼ਤਰਾ ਹੋਰ ਵਧ ਸਕਦਾ ਹੈ। ਸੜਕ ਤੰਗ ਹੋਣ ਕਾਰਨ ਬਚਾਅ ਟੀਮਾਂ ਦੀਆਂ ਗੱਡੀਆਂ ਨੂੰ ਵੀ ਮੌਕੇ ’ਤੇ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਸਦਰਨ ਕੈਲੀਫੋਰਨੀਆ ਗੈਸ ਕੰਪਨੀ ਦੀਆਂ ਟੀਮਾਂ ਗੈਸ ਲੀਕ ਨੂੰ ਕੰਟਰੋਲ ਕਰਨ ਵਿੱਚ ਜੁਟੀਆਂ ਹੋਈਆਂ ਹਨ। ਮਾਹਿਰਾਂ ਅਨੁਸਾਰ ਸਮੁੰਦਰ ਦੇ ਕੰਢੇ ਰੇਤਲੀ ਅਤੇ ਨਰਮ ਮਿੱਟੀ ਹੋਣ ਕਾਰਨ ਇਸ ਖੇਤਰ ਵਿੱਚ ਜ਼ਮੀਨ ਧਸਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। This report was written by Ekjot Singh as part of the Local Journalism Initiative.
ਹਾਲੀਵੁੱਡ ਅਦਾਕਾਰ ਨਿਕੋਲਸ ਕੇਜ ਦੇ ਬੰਗਲੇ ਬਾਹਰ ਬਣਿਆ 30 ਫੁੱਟ ਚੌੜਾ ਪਾੜ

