ਸਰੀ ਦੀ ਮੇਅਰ ਬਰੈਂਡਾ ਲੌਕ, ਐਮਐਲਏ ਆਮਨਾ ਸ਼ਾਹ ਅਤੇ ਗੈਰੀ ਬੇਗ ਨੇ ਫੋਕਲੋਰ ਮੇਲੇ ’ਚ ਭਰੀ ਹਾਜ਼ਰੀ
ਵੈਨਕੂਵਰ (ਏਕਜੋਤ ਸਿੰਘ): ਸਰੀ ਸਿਟੀ ਸੈਂਟਰ ਤੋਂ ਵਿਧਾਇਕਾ ਆਮਨਾ ਸ਼ਾਹ ਅਤੇ ਸਰੀ-ਗਿਲਡਫੋਰਡ ਤੋਂ ਵਿਧਾਇਕ ਗੈਰੀ ਬੇਗ ਨੇ ਬੀਤੇ ਐਤਵਾਰ, 7 ਸਤੰਬਰ ਨੂੰ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਆਯੋਜਿਤ 7ਵੇਂ ਸਾਲਾਨਾ ਫੋਕਲੋਰ ਫੈਸਟੀਵਲ 2026 ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸ਼ਾਨਦਾਰ ਸਮਾਗਮ ਦਾ ਪ੍ਰਬੰਧ ‘ਫੋਕ ਸਟਾਰ ਆਰਟਸ ਅਕੈਡਮੀ’ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਸਮਾਗਮ ਵਿੱਚ ਸੈਂਕੜੇ ਪਰਿਵਾਰਾਂ ਅਤੇ ਕਲਾ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਸਾਲਾਨਾ ਮੇਲੇ ਨੇ ਲੋਕ ਧਾਰਾ, ਰਵਾਇਤੀ ਕਲਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਗੀਤ, ਨਾਚ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਜੀਵੰਤ ਕਰ ਦਿੱਤਾ। ਸਮਾਗਮ ਦੌਰਾਨ ਵੱਖ-ਵੱਖ ਪੇਸ਼ਕਾਰਾਂ ਨੇ ਆਪਣੀ ਵਿਰਾਸਤ ਦੀ ਅਮੀਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਦੋਵਾਂ ਵਿਧਾਇਕਾਂ ਨੇ ਸੂਬੇ ਵਿੱਚ ਭਾਈਚਾਰਕ ਸਾਂਝ, ਸਮਾਵੇਸ਼ੀ ਮਾਹੌਲ ਅਤੇ ਅੰਤਰ-ਸੱਭਿਆਚਾਰਕ ਸਮਝ ਨੂੰ ਮਜ਼ਬੂਤ ਕਰਨ ਵਿੱਚ ਅਜਿਹੀਆਂ ਸੰਸਥਾਵਾਂ ਦੇ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਆਮਨਾ ਸ਼ਾਹ ਨੇ ਫੋਕ ਸਟਾਰ ਆਰਟਸ ਅਕੈਡਮੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਵਿਰਾਸਤ ਦੀ ਸਾਂਭ-ਸੰਭਾਲ ਬੇਹੱਦ ਲਾਜ਼ਮੀ ਹੈ। ਦੂਜੇ ਪਾਸੇ ਗੈਰੀ ਬੇਗ ਨੇ ਪ੍ਰਬੰਧਕਾਂ, ਕਲਾਕਾਰਾਂ, ਵਾਲੰਟੀਅਰਾਂ ਅਤੇ ਮਾਪਿਆਂ ਦੀ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਅਜਿਹੇ ਮੇਲੇ ਸ਼ਹਿਰੀ ਸਾਂਝ ਨੂੰ ਪੀਡੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹੀ ਵੰਨ-ਸੁਵੰਨਤਾ ਸਰੀ ਨੂੰ ਕੈਨੇਡਾ ਦਾ ਸਭ ਤੋਂ ਜੀਵੰਤ, ਨਿੱਘਾ ਅਤੇ ਖੁਸ਼ਹਾਲ ਸ਼ਹਿਰ ਬਣਾਉਣ ਵਿੱਚ ਮਦਦ ਕਰਦੀ ਹੈ। This report was written by Ekjot Singh as part of the Local Journalism Initiative.
ਸਰੀ ਵਿੱਚ 7ਵਾਂ ਸਾਲਾਨਾ ਫੋਕਲੋਰ ਫੈਸਟੀਵਲ ਧੂਮਧਾਮ ਨਾਲ ਸੰਪੰਨ: ਸੱਭਿਆਚਾਰਕ ਰੰਗਾਂ ਵਿੱਚ ਰੰਗਿਆ ਸ਼ਹਿਰ

