6 ਸਾਲਾਂ ਤੋਂ ਬੰਦ ਕਲੋਨੀ ਵਿੱਚ ਲੱਗੀ ਅੱਗ, ਜੰਗਲੀ ਅੱਗ ਫੈਲਣ ਦੇ ਖ਼ਦਸ਼ੇ ਕਾਰਨ ਨਗਰ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
ਵੈਨਕੂਵਰ (ਏਕਜੋਤ ਸਿੰਘ): ਸਨਸ਼ਾਈਨ ਕੋਸਟ ਦੇ ਇੱਕ ਖਾਲੀ ਪਏ ਰਿਹਾਇਸ਼ੀ ਇਲਾਕੇ ਵਿੱਚ ਸ਼ਨੀਵਾਰ ਨੂੰ ਦੋ ਘਰ ਸੜ ਕੇ ਸੁਆਹ ਹੋਣ ਤੋਂ ਬਾਅਦ ਆਸ-ਪਾਸ ਦੇ ਵਸਨੀਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਸੀਵਾਚ ਕਲੋਨੀ ਵਿੱਚ ਸਵੇਰੇ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਪਰ ਫਾਇਰ ਫਾਈਟਰਾਂ ਨੂੰ ਘੰਟਿਆਂ ਬੱਧੀ ਇਸ ਅੱਗ ਨੂੰ ਸਿਰਫ਼ ਦੂਰੋਂ ਖੜ੍ਹੇ ਹੋ ਕੇ ਦੇਖਣਾ ਪਿਆ ਕਿਉਂਕਿ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਇਹ ਪੂਰਾ ਇਲਾਕਾ ਪਿਛਲੇ ਛੇ ਸਾਲਾਂ ਤੋਂ ਆਮ ਲੋਕਾਂ ਅਤੇ ਕਰਮਚਾਰੀਆਂ ਲਈ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ।
ਫਰਵਰੀ 2019 ਵਿੱਚ ਜ਼ਮੀਨ ਧਸਣ ਅਤੇ ਵੱਡੇ ਪਾੜ ਪੈਣ ਕਾਰਨ ਇਸ ਕਲੋਨੀ ਦੇ 14 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਸਥਾਨਕ ਐਮਰਜੈਂਸੀ ਲਗਾ ਦਿੱਤੀ ਗਈ ਸੀ। ਹਾਲਾਂਕਿ ਸਾਲ 2022 ਵਿੱਚ ਐਮਰਜੈਂਸੀ ਹਟਾ ਦਿੱਤੀ ਗਈ ਸੀ, ਪਰ ਮਕਾਨ ਮਾਲਕ ਕਦੇ ਵੀ ਆਪਣੇ ਘਰਾਂ ਵਿੱਚ ਵਾਪਸ ਨਹੀਂ ਪਰਤ ਸਕੇ। ਇਸ ਦੌਰਾਨ ਇਨ੍ਹਾਂ ਮਕਾਨਾਂ ਦੀ ਕੀਮਤ 10 ਲੱਖ ਡਾਲਰ ਤੋਂ ਡਿੱਗ ਕੇ ਸਿਰਫ਼ ਦੋ ਡਾਲਰ ਰਹਿ ਗਈ ਹੈ ਅਤੇ ਘਰਾਂ ਵਿੱਚ ਭੰਨਤੋੜ ਹੁੰਦੀ ਰਹੀ ਹੈ। ਡਿਪਟੀ ਫਾਇਰ ਚੀਫ਼ ਸਟੀਫਨ ਅਕਟਰਬਰਗ ਅਨੁਸਾਰ ਖੇਤਰ ਵਿੱਚ ਪਾਣੀ ਦੀ ਕੋਈ ਸਹੂਲਤ ਨਾ ਹੋਣ ਕਾਰਨ ਉਹ ਸਿਰਫ਼ ਇਹ ਯਕੀਨੀ ਬਣਾਉਣ ਗਏ ਸਨ ਕਿ ਕੋਈ ਵਿਅਕਤੀ ਅੰਦਰ ਨਾ ਫਸਿਆ ਹੋਵੇ, ਜਿਸ ਤੋਂ ਬਾਅਦ ਉਹ ਸੁਰੱਖਿਅਤ ਦੂਰੀ ’ਤੇ ਪਿੱਛੇ ਹਟ ਗਏ।
ਸਥਾਨਕ ਨਾਗਰਿਕਾਂ ਨੂੰ ਚਿੰਤਾ ਹੈ ਕਿ ਜੇਕਰ ਅੱਗ ਨੇੜਲੇ ਜੰਗਲ ਵਿੱਚ ਫੈਲ ਗਈ ਤਾਂ ਇਹ ਪੂਰੇ ਖੇਤਰ ਲਈ ਭਿਆਨਕ ਜੰਗਲੀ ਅੱਗ ਦਾ ਰੂਪ ਧਾਰਨ ਕਰ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਕਦਮ ਚੁੱਕਣ ਦੀ ਮੰਗ ਕੀਤੀ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਕੰਡਿਆਲੀਆਂ ਤਾਰਾਂ ਕੱਟੀਆਂ ਜਾ ਰਹੀਆਂ ਹਨ ਅਤੇ ਸੀਸੀਟੀਵੀ ਕੈਮਰੇ ਤੋੜੇ ਜਾ ਰਹੇ ਹਨ। ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਇਸ ਅੱਗ ਨੂੰ ਸ਼ੱਕੀ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। This report was written by Ekjot Singh as part of the Local Journalism Initiative.
ਸਨਸ਼ਾਈਨ ਕੋਸਟ ਦੇ ਖਾਲੀ ਇਲਾਕੇ ਵਿੱਚ ਲੱਗੀ ਅੱਗ ਨਾਲ ਸੀਵਾਚ ਦੇ ਦੋ ਘਰ ਸੜ ਕੇ ਸੁਆਹ

