ਵੈਨਕੂਵਰ (ਏਕਜੋਤ ਸਿੰਘ): ਸਟੂਅਰਟ ਵਿਖੇ ਸੂਬੇ ਦੀ ਪਹਿਲੀ ਬਹੁਮਤ ਮੂਲ ਨਿਵਾਸੀ ਮਾਲਕੀ ਵਾਲੀ ਡੂੰਘੇ ਸਮੁੰਦਰ ਦੀ ਬੰਦਰਗਾਹ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਨਿਸਗਾ ਅਤੇ ਤਾਹਲਤਾਨ ਨੇਸ਼ਨਜ਼ ਨੂੰ ਖੇਤਰ ਦੇ ਖਣਿਜ ਉਦਯੋਗ ਨੂੰ ਸੇਵਾਵਾਂ ਦੇਣ ਵਾਲੇ ਇੱਕ ਪ੍ਰਮੁੱਖ ਸਮੁੰਦਰੀ ਟਰਮੀਨਲ ਵਿੱਚ ਸਿੱਧੀ ਮਾਲਕੀ ਪ੍ਰਾਪਤ ਹੋਈ ਹੈ। ਪੋਰਟਲੈਂਡ ਕੈਨਾਲ ਮਰੀਨ ਟਰਮੀਨਲ ਦੀ ਮਾਲਕੀ ਅਤੇ ਪ੍ਰਬੰਧਨ ਬਰਾਬਰ ਰੂਪ ਵਿੱਚ ਨਿਸਗਾ ਨੇਸ਼ਨ, ਤਾਹਲਤਾਨ ਨੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਐਰੋ ਟਰਾਂਸਪੋਰਟੇਸ਼ਨ ਸਿਸਟਮਜ਼ ਇੰਕ ਵੱਲੋਂ ਸਾਂਝੇ ਤੌਰ ’ਤੇ ਸੰਭਾਲਿਆ ਜਾ ਰਿਹਾ ਹੈ। ਤਾਹਲਤਾਨ ਸੈਂਟਰਲ ਗੌਰਮਿੰਟ ਦੇ ਪ੍ਰਧਾਨ ਕੈਰੀ ਕਾਰਲਿਕ ਨੇ ਇਸ ਮੌਕੇ ਕਿਹਾ ਕਿ ਇਹ ਟਰਮੀਨਲ ਪੂਰੇ ਖੇਤਰ ਲਈ ਆਰਥਿਕ ਇੰਜਣ ਵਜੋਂ ਕੰਮ ਕਰੇਗਾ, ਜੋ ਸਥਾਨਕ ਪ੍ਰੋਜੈਕਟਾਂ ਅਤੇ ਸਰੋਤਾਂ ਨੂੰ ਕੌਮਾਂਤਰੀ ਬਾਜ਼ਾਰਾਂ ਨਾਲ ਜੋੜੇਗਾ। ਇਸ ਭਾਈਵਾਲੀ ਨੇ ਸਾਲ 2025 ਦੀ ਪਤਝੜ ਵਿੱਚ ਸੂਬਾ ਸਰਕਾਰ ਦੀ ਉੱਤਰ-ਪੱਛਮੀ ਰਣਨੀਤੀ ਤਹਿਤ ਮਿਲੀ 5 ਮਿਲੀਅਨ ਡਾਲਰ ਦੀ ਗ੍ਰਾਂਟ ਦੀ ਮਦਦ ਨਾਲ ਪੁਰਾਣੇ ਸਟੂਅਰਟ ਬਲਕ ਟਰਮੀਨਲ ਨੂੰ ਖ਼ਰੀਦਿਆ ਸੀ। ਹੁਣ ਇਸ ਦੇ ਵਿਸਥਾਰ ਅਤੇ ਆਧੁਨਿਕੀਕਰਨ ਲਈ ਫੈਡਰਲ ਏਜੰਸੀ ਪੈਸੀਫਿਕੈਨ ਵੱਲੋਂ 672,134 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਖਣਿਜਾਂ ਦੀ ਬਰਾਮਦ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੀ ਦਰਾਮਦ ਨੂੰ ਤੇਜ਼ ਕੀਤਾ ਜਾ ਸਕੇ। ਗੋਲਡਨ ਟ੍ਰਾਈਐਂਗਲ ਖਣਿਜ ਖੇਤਰ ਦੇ ਨੇੜੇ ਸਥਿਤ ਇਹ ਟਰਮੀਨਲ ਸਾਲਾਨਾ ਲਗਭਗ 300,000 ਟਨ ਤਾਂਬਾ ਅਤੇ ਸੋਨਾ ਸੰਭਾਲਦਾ ਹੈ। ਇਹ ਕੈਨੇਡਾ ਦੀ ਸਭ ਤੋਂ ਉੱਤਰੀ ਬਰਫ਼-ਮੁਕਤ ਬੰਦਰਗਾਹ ਹੈ ਜੋ ਸਾਰਾ ਸਾਲ ਕਾਰਜਸ਼ੀਲ ਰਹਿੰਦੀ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਜਦੋਂ ਸਰਕਾਰ, ਨਿੱਜੀ ਖੇਤਰ ਅਤੇ ਫਸਟ ਨੇਸ਼ਨਜ਼ ਮਿਲ ਕੇ ਕੰਮ ਕਰਦੇ ਹਨ ਤਾਂ ਅਰਥਚਾਰੇ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਇਹ ਬੰਦਰਗਾਹ ਹਜ਼ਾਰਾਂ ਰੋਜ਼ਗਾਰ ਪੈਦਾ ਕਰਨ ਦੇ ਨਾਲ ਕੈਨੇਡਾ ਦੇ ਕੌਮਾਂਤਰੀ ਵਪਾਰ ਨੂੰ ਨਵਾਂ ਬਲ ਦੇਵੇਗੀ। This report was written by Ekjot Singh as part of the Local Journalism Initiative.

