ਇੱਕ ਹਫ਼ਤੇ ਵਿੱਚ ਦੂਜੀ ਗ੍ਰਿਫ਼ਤਾਰੀ, ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ
ਵੈਨਕੂਵਰ (ਏਕਜੋਤ ਸਿੰਘ): ਵਰਨਨ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਮਕਾਨ ਨੂੰ ਭੇਤਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਪੁਲਿਸ ਨੇ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਬੀਐਕਸ ਇਲਾਕੇ ਦੇ ਗੂਜ਼ ਲੇਕ ਰੋਡ ਨੇੜੇ ਰੇਵਨ ਰੋਡ ’ਤੇ ਸੋਮਵਾਰ, 7 ਸਤੰਬਰ ਨੂੰ ਦੁਪਹਿਰ ਲਗਭਗ 12 ਵਜੇ ਵਾਪਰੀ। ਫਾਇਰ ਫਾਈਟਰਾਂ ਅਤੇ ਆਰਸੀਐਮਪੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ, ਪਰ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਘਟਨਾ ਸਥਾਨ ਤੋਂ ਹੀ ਇਸ 23 ਸਾਲਾ ਸਥਾਨਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮ ਨੂੰ ਵਰਨਨ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਸ ਨੂੰ ਜ਼ਮਾਨਤ ਦੀ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਅਜੇ ਮੁੱਢਲੇ ਦੌਰ ਵਿੱਚ ਹੈ ਅਤੇ ਅੱਗ ਲਗਾਉਣ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਵਰਨਨ ਖੇਤਰ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਇਹ ਦੂਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ 1 ਸਤੰਬਰ ਨੂੰ ਸਵਾਨ ਲੇਕ ਨੇਚਰ ਰਿਜ਼ਰਵ ਵਿੱਚ ਦੋ ਥਾਵਾਂ ’ਤੇ ਜੰਗਲੀ ਅੱਗ ਲਗਾਉਣ ਦੇ ਦੋਸ਼ ਹੇਠ ਪੁਲਿਸ ਨੇ ਇੱਕ 43 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਕਾਰਵਾਈ ਦੀ ਤੁਰੰਤ ਸੂਚਨਾ ਦੇਣ ਦੀ ਹਦਾਇਤ ਕੀਤੀ ਹੈ। This report was written by Ekjot Singh as part of the Local Journalism Initiative.
ਵਰਨਨ ਵਿੱਚ ਘਰ ਨੂੰ ਅੱਗ ਲਗਾਉਣ ਦੇ ਦੋਸ਼ ਹੇਠ 23 ਸਾਲਾ ਨੌਜਵਾਨ ਗ੍ਰਿਫ਼ਤਾਰ, ਜਾਂਚ ਜਾਰੀ

