12.6 C
Vancouver
Tuesday, October 6, 2026

ਵਰਨਨ ਦੇ ਕਰਾਊਨ ਵਿਲਾ ਪਾਰਕ ਵਿੱਚ ਪੰਜ ਮਹੀਨਿਆਂ ਤੋਂ ਬਿਜਲੀ-ਪਾਣੀ ਗੁੱਲ, ਵਸਨੀਕਾਂ ਨੇ ਮਾਲਕ ਖ਼ਿਲਾਫ਼ ਵਿੱਢਿਆ ਮੋਰਚਾ

ਸੁਰੱਖਿਆ ਨਿਯਮਾਂ ਦੀ ਉਲੰਘਣਾ ਮਗਰੋਂ ਵਧਿਆ ਵਿਵਾਦ, 36,000 ਡਾਲਰ ਦਾ ਜੁਰਮਾਨਾ ਪਰ ਮੁਰੰਮਤ ਅਜੇ ਵੀ ਅਧੂਰੀ
ਵੈਨਕੂਵਰ (ਏਕਜੋਤ ਸਿੰਘ): ਵਰਨਨ ਦੇ ਕਰਾਊਨ ਵਿਲਾ ਟ੍ਰੇਲਰ ਪਾਰਕ ਦੇ ਵਸਨੀਕਾਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਬਿਜਲੀ ਅਤੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਪਾਰਕ ਦੀ ਮਾਲਕਣ ਕੈਰੋਲਿਨ ਗੋਲਡਸਟੋਨ ਖ਼ਿਲਾਫ਼ ਸੜਕ ਕਿਨਾਰੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਪਾਰਕ ਦੀ ਬਿਜਲੀ 10 ਅਪ੍ਰੈਲ ਤੋਂ ਬੰਦ ਪਈ ਹੈ, ਜਦੋਂ ਟੈਕਨੀਕਲ ਸੇਫ਼ਟੀ ਬੀਸੀ ਨੇ ਬਿਜਲੀ ਪ੍ਰਣਾਲੀ ਦੇ ਗੰਭੀਰ ਖ਼ਤਰਿਆਂ ਕਾਰਨ ਕੁਨੈਕਸ਼ਨ ਕੱਟ ਦਿੱਤਾ ਸੀ। ਪਾਰਕ ਦਾ ਪਾਣੀ ਸਪਲਾਈ ਸਿਸਟਮ ਵੀ ਬਿਜਲੀ ਦੇ ਪੰਪ ’ਤੇ ਚੱਲਦਾ ਸੀ, ਜਿਸ ਕਾਰਨ ਉਸੇ ਦਿਨ ਤੋਂ ਵਸਨੀਕਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਸੀ। ਉਲੰਘਣਾ ਦੇ ਚੱਲਦਿਆਂ ਮਾਲਕਣ ਨੂੰ 36,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਸੀ।
ਮਾਲਕਣ ਦਾ ਕਹਿਣਾ ਹੈ ਕਿ ਉਸ ਕੋਲ ਲੱਖਾਂ ਡਾਲਰ ਖਰਚ ਕੇ ਮੁਰੰਮਤ ਕਰਵਾਉਣ ਜਾਂ ਜੁਰਮਾਨਾ ਭਰਨ ਦੀ ਸਮਰੱਥਾ ਨਹੀਂ ਹੈ ਅਤੇ ਜਾਇਦਾਦ ਵੇਚਣ ਦੀਆਂ ਕੋਸ਼ਿਸ਼ਾਂ ਵੀ ਸਫ਼ਲ ਨਹੀਂ ਹੋ ਰਹੀਆਂ। ਸਤੰਬਰ ਤੱਕ ਬਿਜਲੀ ਬਹਾਲ ਨਾ ਹੋਣ ਅਤੇ ਟੂਟੀਆਂ ਵਿੱਚੋਂ ਮਹਿਜ਼ ਥੋੜ੍ਹਾ ਪਾਣੀ ਟਪਕਣ ਕਾਰਨ ਅੱਕੇ ਹੋਏ ਲੋਕਾਂ ਨੇ ਮੰਗਲਵਾਰ, 8 ਸਤੰਬਰ ਨੂੰ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਧਰਨਾ ਦਿੱਤਾ। ਇਨ੍ਹਾਂ ਤਖ਼ਤੀਆਂ ’ਤੇ ਮਾਲਕਣ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਜਾਇਦਾਦ ਤੁਰੰਤ ਵੇਚਣ ਦੀਆਂ ਮੰਗਾਂ ਲਿਖੀਆਂ ਹੋਈਆਂ ਸਨ। ਵਸਨੀਕਾਂ ਨੇ ਚਿੰਤਾ ਜਤਾਈ ਕਿ ਗਰਮੀਆਂ ਤਾਂ ਬਿਨਾਂ ਏਸੀ ਦੇ ਲੰਘ ਗਈਆਂ, ਪਰ ਆਉਣ ਵਾਲੀਆਂ ਕੜਾਕੇ ਦੀਆਂ ਸਰਦੀਆਂ ਵਿੱਚ ਬਿਨਾਂ ਹੀਟਿੰਗ ਦੇ ਰਹਿਣਾ ਅਸੰਭਵ ਹੋ ਜਾਵੇਗਾ।
ਵਸਨੀਕਾਂ ਦਾ ਕਹਿਣਾ ਹੈ ਕਿ ਉਹ ਇੱਥੇ ਕਿਰਾਏਦਾਰ ਨਹੀਂ ਸਗੋਂ ਆਪਣੇ ਘਰਾਂ ਦੇ ਖ਼ਰੀਦੇ ਹੋਏ ਮਾਲਕ ਹਨ। ਪੈਟ ਸਾਲਟਰ ਨਾਮਕ ਵਿਅਕਤੀ ਨੇ ਅਕਤੂਬਰ 2025 ਵਿੱਚ 125,000 ਡਾਲਰ ਨਕਦ ਦੇ ਕੇ ਯੂਨਿਟ ਖ਼ਰੀਦਿਆ ਸੀ ਪਰ ਉਸ ਨੂੰ ਬਿਜਲੀ ਕੱਟੇ ਜਾਣ ਦੇ ਨੋਟਿਸਾਂ ਬਾਰੇ ਕੁਝ ਨਹੀਂ ਦੱਸਿਆ ਗਿਆ ਸੀ। ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਅਨੁਸਾਰ ਮਾਲਕਣ ਨੇ ਪਿਛਲੇ 37 ਸਾਲਾਂ ਤੋਂ ਪੈਡ ਦਾ ਕਿਰਾਇਆ 300 ਡਾਲਰ ਤੋਂ ਘੱਟ ਰੱਖਿਆ, ਜਿਸ ਕਾਰਨ ਮੁਰੰਮਤ ਲਈ ਲੋੜੀਂਦਾ ਫੰਡ ਇਕੱਠਾ ਨਹੀਂ ਹੋ ਸਕਿਆ।
ਮਾਲਕਣ ਕਿਸੇ ਅਜਿਹੇ ਬਿਲਡਰ ਨੂੰ ਜ਼ਮੀਨ ਵੇਚਣਾ ਚਾਹੁੰਦੀ ਹੈ ਜੋ ਮੌਜੂਦਾ ਘਰਾਂ ਨੂੰ ਨਾ ਉਜਾੜੇ, ਪਰ ਕੋਈ ਖ਼ਰੀਦਦਾਰ ਨਾ ਮਿਲਣ ਕਾਰਨ ਇਹ ਮਾਮਲਾ ਬੇਹੱਦ ਗੰਭੀਰ ਬਣਿਆ ਹੋਇਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ