ਬੀਸੀ ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਟੀ ਵਲੋਂ ਤੁਰੰਤ ਪ੍ਰਭਾਵ ਨਾਲ ਜਾਇਦਾਦ ਕਾਰੋਬਾਰ ਕਰਨ ’ਤੇ ਰੋਕ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਰੀਅਲ ਅਸਟੇਟ ਰੈਗੂਲੇਟਰ ਨੇ ਲੋਅਰ ਮੇਨਲੈਂਡ ਦੀ ਪ੍ਰਮੁੱਖ ਰੀਅਲ ਅਸਟੇਟ ਏਜੰਟ ਰਿੰਪੀ ਹੋਠੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਬੀਸੀ ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਟੀ (ਬੀਸੀਐਫਐਸਏ) ਨੇ 4 ਸਤੰਬਰ ਨੂੰ ਇਹ ਹੰਗਾਮੀ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਰਿੰਪੀ ਹੋਠੀ ਦੇ ਨਾਲ-ਨਾਲ ਉਨ੍ਹਾਂ ਦੀ ਫਰਮ ‘ਰਿੰਪੀ ਹੋਠੀ ਰੀਅਲ ਅਸਟੇਟ ਕਾਰਪੋਰੇਸ਼ਨ’ ਉੱਤੇ ਵੀ ਬਰਾਬਰ ਲਾਗੂ ਹੋਵੇਗੀ।
ਜਾਰੀ ਕੀਤੇ ਗਏ ਵਿਸ਼ੇਸ਼ ਆਦੇਸ਼ ਅਨੁਸਾਰ ਹੋਠੀ ਨੂੰ ਲਾਇਸੈਂਸ ਅਧੀਨ ਹੋਣ ਵਾਲੀਆਂ ਸਾਰੀਆਂ ਜਾਇਦਾਦ ਗਤੀਵਿਧੀਆਂ ਤੋਂ ਰੋਕ ਦਿੱਤਾ ਗਿਆ ਹੈ ਅਤੇ ਉਹ ਕਿਸੇ ਅਣ-ਲਾਇਸੈਂਸਸ਼ੁਦਾ ਸਹਾਇਕ ਵਜੋਂ ਵੀ ਕੰਮ ਨਹੀਂ ਕਰ ਸਕਣਗੇ।
ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਹੋਠੀ ਵੱਲੋਂ ਕੁਝ ਅਜਿਹਾ ਆਚਰਣ ਕੀਤਾ ਗਿਆ ਹੈ ਜੋ ਰੀਅਲ ਅਸਟੇਟ ਸਰਵਿਸਿਜ਼ ਐਕਟ ਦੀ ਧਾਰਾ 43 ਅਧੀਨ ਅਨੁਸ਼ਾਸਨੀ ਕਾਰਵਾਈ ਦੇ ਦਾਇਰੇ ਵਿੱਚ ਆਉਂਦਾ ਹੈ। ਪਰ ਜਾਂਚ ਮੁਕੰਮਲ ਕਰਨ ਜਾਂ ਸੁਣਵਾਈ ਕਰਨ ਵਿੱਚ ਲੱਗਣ ਵਾਲਾ ਲੰਮਾ ਸਮਾਂ ਜਨਤਕ ਹਿੱਤਾਂ ਦੇ ਵਿਰੁੱਧ ਜਾ ਸਕਦਾ ਸੀ, ਇਸ ਲਈ ਧਾਰਾ 45 ਦੀ ਵਰਤੋਂ ਕਰਦਿਆਂ ਇਹ ਤੁਰੰਤ ਮੁਅੱਤਲੀ ਕੀਤੀ ਗਈ ਹੈ।
ਰੈਗੂਲੇਟਰੀ ਸੰਸਥਾ ਨੇ ਹੋਠੀ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਉਹ 10 ਦਿਨਾਂ ਦੇ ਅੰਦਰ ਆਪਣੀ ਰਜਿਸਟਰਡ ਰੀਅਲ ਅਸਟੇਟ ਟੀਮ ‘ਰਿੰਪੀ ਹੋਠੀ ਗਰੁੱਪ’ ਦਾ ਨਾਮ ਬਦਲਣ। ਇਸ ਤੋਂ ਇਲਾਵਾ ਬੀਸੀਐਫਐਸਏ ਨੇ ਉਨ੍ਹਾਂ ਦੇ ਮੌਜੂਦਾ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਬ੍ਰੋਕਰੇਜ ਫਰਮ ‘ਸਟਨ ਗਰੁੱਪ – ਵੈਸਟ ਕੋਸਟ ਰਿਐਲਟੀ’ ਨਾਲ ਤੁਰੰਤ ਰਾਬਤਾ ਕਾਇਮ ਕਰਨ ਤਾਂ ਜੋ ਉਨ੍ਹਾਂ ਦੇ ਚੱਲ ਰਹੇ ਸੌਦਿਆਂ ’ਤੇ ਪੈਣ ਵਾਲੇ ਅਸਰ ਬਾਰੇ ਪਤਾ ਲੱਗ ਸਕੇ ਅਤੇ ਉਹ ਕਿਸੇ ਹੋਰ ਲਾਇਸੈਂਸਸ਼ੁਦਾ ਏਜੰਟ ਨਾਲ ਕੰਮ ਕਰ ਸਕਣ। ਇਸ ਕਾਰਵਾਈ ਤੋਂ ਬਾਅਦ ਹੋਠੀ ਦੀ ਵੈੱਬਸਾਈਟ ਵੀ ਆਨਲਾਈਨ ਬੰਦ ਕਰ ਦਿੱਤੀ ਗਈ ਹੈ। This report was written by Ekjot Singh as part of the Local Journalism Initiative.
ਲੋਅਰ ਮੇਨਲੈਂਡ ਵਿੱਚ ਰੀਅਲ ਅਸਟੇਟ ਏਜੰਟ ਰਿੰਪੀ ਹੋਠੀ ਦਾ ਲਾਇਸੈਂਸ ਮੁਅੱਤਲ

