ਸ਼ਾਹੀ ਰੁਤਬੇ ਦੀ ਵਰਤੋਂ ’ਤੇ ਰੋਕ: ਪ੍ਰਿੰਸ ਹੈਰੀ ਨੂੰ ਸਰਕਾਰੀ ਸੁਰੱਖਿਆ ਮਿਲਣ ਬਾਰੇ ਅਜੇ ਵੀ ਦੁਬਿੱਧਾ
ਵੈਨਕੂਵਰ (ਏਕਜੋਤ ਸਿੰਘ): ਬਰਤਾਨੀਆ ਦੇ ਮਹਾਰਾਜਾ ਕਿੰਗ ਚਾਰਲਸ ਤੀਜੇ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਇੱਕ ਰਸਮੀ ਪੱਤਰ ਭੇਜ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਯੂਕੇ ਵਾਪਸ ਪਰਤਣ ਦੇ ਬਾਵਜੂਦ ਕੋਈ ਵੀ ਸ਼ਾਹੀ ਜ਼ਿੰਮੇਵਾਰੀ ਨਹੀਂ ਸੰਭਾਲਣਗੇ। ਸ਼ਾਹੀ ਘਰਾਣੇ ਦੇ ਉੱਚ ਅਧਿਕਾਰੀ ਲਾਰਡ ਚੈਂਬਰਲੇਨ ਵੱਲੋਂ ਸਰਕਾਰ, ਫੌਜ ਅਤੇ ਸਥਾਨਕ ਨੁਮਾਇੰਦਿਆਂ ਨੂੰ ਭੇਜੇ ਗਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਛੇ ਸਾਲ ਪਹਿਲਾਂ ਕੈਲੀਫੋਰਨੀਆ ਜਾਣ ਵਾਲਾ ਇਹ ਜੋੜਾ ਆਪਣੇ ਸ਼ਾਹੀ ਰੁਤਬੇ ਦੀ ਵਰਤੋਂ ਨਹੀਂ ਕਰੇਗਾ। ਉਹ ਭਵਿੱਖ ਵਿੱਚ ਜੋ ਵੀ ਸਮਾਜ ਸੇਵਾ ਜਾਂ ਕਾਰੋਬਾਰ ਕਰਨਗੇ, ਉਹ ਇੱਕ ਆਮ ਨਿੱਜੀ ਨਾਗਰਿਕ ਵਜੋਂ ਹੀ ਹੋਵੇਗਾ।
ਇਹ ਪੱਤਰ ਉਸ ਅਹਿਮ ਮੀਟਿੰਗ ਤੋਂ ਠੀਕ ਪਹਿਲਾਂ ਆਇਆ ਹੈ ਜਿਸ ਵਿੱਚ ਸ਼ਾਹੀ ਸੁਰੱਖਿਆ ਕਮੇਟੀ ਨੇ ਇਹ ਫੈਸਲਾ ਲੈਣਾ ਹੈ ਕਿ ਯੂਕੇ ਵਿੱਚ ਰਹਿਣ ਦੌਰਾਨ ਹੈਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਟੈਕਸਦਾਤਾਵਾਂ ਦੇ ਖਰਚੇ ’ਤੇ ਸਰਕਾਰੀ ਸੁਰੱਖਿਆ ਮਿਲਣੀ ਚਾਹੀਦੀ ਹੈ ਜਾਂ ਨਹੀਂ। ਸਾਲ 2020 ਵਿੱਚ ਸ਼ਾਹੀ ਜ਼ਿੰਮੇਵਾਰੀਆਂ ਤਿਆਗਣ ਤੋਂ ਬਾਅਦ ਉਨ੍ਹਾਂ ਦੀ ਸਰਕਾਰੀ ਸੁਰੱਖਿਆ ਵਾਪਸ ਲੈ ਲਈ ਗਈ ਸੀ, ਜਿਸ ਖ਼ਿਲਾਫ਼ ਹੈਰੀ ਨੇ ਕਈ ਅਦਾਲਤੀ ਕੇਸ ਵੀ ਲੜੇ ਸਨ। ਕਿੰਗ ਦੇ ਪੱਤਰ ਅਨੁਸਾਰ ਜੋੜੇ ਦੀ ਨਿੱਜਤਾ ਅਤੇ ਵਿੱਤੀ ਆਜ਼ਾਦੀ ਦਾ ਪੂਰਾ ਸਨਮਾਨ ਕੀਤਾ ਜਾਵੇਗਾ, ਪਰ ਕਿਸੇ ਵੀ ਸਰਕਾਰੀ ਫੰਡ ਜਾਂ ਸਹੂਲਤ ਲਈ ਬਕਿੰਘਮ ਪੈਲੇਸ ਨਾਲ ਸੰਪਰਕ ਕਰਨਾ ਪਵੇਗਾ।
ਦੂਜੇ ਪਾਸੇ, ਪ੍ਰਿੰਸ ਹੈਰੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਜਨਤਕ ਐਲਾਨ ਤੋਂ ਮਹਿਜ਼ ਇੱਕ ਘੰਟਾ ਪਹਿਲਾਂ ਇਸ ਬਾਰੇ ਦੱਸਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਹੈਰਾਨੀ ਹੋਈ ਹੈ। ਹੈਰੀ ਨੇ ਹਾਲ ਹੀ ਵਿੱਚ ਆਪਣੇ ਪਿਤਾ ਨਾਲ ਮਿਲਵਰਤਨ ਦੀ ਇੱਛਾ ਜ਼ਾਹਰ ਕੀਤੀ ਸੀ ਜੋ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਜੁਲਾਈ ਵਿੱਚ ਜੋੜੇ ਨੇ ਇੰਗਲੈਂਡ ਆ ਕੇ ਕਿੰਗ ਚਾਰਲਸ ਨਾਲ ਮੁਲਾਕਾਤ ਵੀ ਕੀਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਪ੍ਰਿੰਸ ਆਰਚੀ ਅਤੇ ਪ੍ਰਿੰਸੈਸ ਲਿਲੀਬੇਟ ਦੇ ਯੂਕੇ ਦੇ ਸਕੂਲਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। This report was written by Ekjot Singh as part of the Local Journalism Initiative.
ਬ੍ਰਿਟੇਨ ਵਾਪਸੀ ਮਗਰੋਂ ਕਿੰਗ ਚਾਰਲਸ ਦਾ ਸਪੱਸ਼ਟ ਸੁਨੇਹਾ: ਹੈਰੀ ਅਤੇ ਮੇਘਨ ਹੁਣ ਸਿਰਫ਼ ਨਿੱਜੀ ਨਾਗਰਿਕ

