12.6 C
Vancouver
Tuesday, October 6, 2026

ਬਹਾਮਾਸ ਤੋਂ ਮਿਆਮੀ ਜਾ ਰਿਹਾ ਛੋਟਾ ਜਹਾਜ਼ ਸਮੁੰਦਰ ਵਿੱਚ ਲਾਪਤਾ, ਇੱਕੋ ਪਰਿਵਾਰ ਦੇ 4 ਜੀਅ ਸਵਾਰ

ਐਂਡਰੋਸ ਟਾਪੂ ਨੇੜੇ ਹਵਾਈ ਹਾਦਸੇ ਦਾ ਖ਼ਦਸ਼ਾ: ਅਮਰੀਕੀ ਕੋਸਟ ਗਾਰਡ ਵੱਲੋਂ ਭਾਲ ਮੁਹਿੰਮ ਜਾਰੀ
ਵੈਨਕੂਵਰ (ਏਕਜੋਤ ਸਿੰਘ): ਬਹਾਮਾਸ ਤੋਂ ਫਲੋਰੀਡਾ ਵਾਪਸ ਆ ਰਿਹਾ ਇੱਕ ਛੋਟਾ ਨਿੱਜੀ ਜਹਾਜ਼ ਰਹੱਸਮਈ ਹਾਲਤ ਵਿੱਚ ਲਾਪਤਾ ਹੋ ਗਿਆ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ। ਰਾਇਲ ਬਹਾਮਾਸ ਪੁਲਿਸ ਫੋਰਸ ਅਤੇ ਅਮਰੀਕੀ ਕੋਸਟ ਗਾਰਡ ਅਨੁਸਾਰ ਇਹ ਜਹਾਜ਼ ਬਹਾਮਾਸ ਦੇ ਗ੍ਰੇਟ ਹਾਰਬਰ ਕੇਅ ਟਾਪੂ ਤੋਂ ਸੋਮਵਾਰ ਸਵੇਰੇ 11:12 ਵਜੇ ਮਿਆਮੀ ਜਾਣ ਲਈ ਰਵਾਨਾ ਹੋਇਆ ਸੀ। ਦੁਪਹਿਰ ਲਗਭਗ 2:20 ਵਜੇ ਪੁਲਿਸ ਨੂੰ ਇਤਲਾਹ ਮਿਲੀ ਕਿ ਨੌਰਥ ਐਂਡਰੋਸ ਦੇ ਰੈੱਡ ਬੇਅਜ਼ ਤੱਟ ਨੇੜੇ ਸਮੁੰਦਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਡਿੱਗਿਆ ਹੋ ਸਕਦਾ ਹੈ। ਹਵਾਈ ਆਵਾਜਾਈ ਕੰਟਰੋਲ ਰੂਮ ਦਾ ਕਹਿਣਾ ਹੈ ਕਿ ਪਾਈਪਰ ਪੀਏ 34 ਮਾਡਲ ਦੇ ਇਸ ਪੰਜ ਸੀਟਰ ਜਹਾਜ਼ ਨਾਲ ਐਂਡਰੋਸ ਟਾਪੂ ਤੋਂ 13 ਮੀਲ ਪੱਛਮ ਵਿੱਚ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਬਹਾਮਾਸ ਏਅਰ ਸੀ ਰੈਸਕਿਊ ਐਸੋਸੀਏਸ਼ਨ ਅਤੇ ਯੂਐਸ ਕੋਸਟ ਗਾਰਡ ਨੇ ਤੁਰੰਤ ਖੋਜ ਮੁਹਿੰਮ ਵਿੱਢ ਦਿੱਤੀ। ਕੋਸਟ ਗਾਰਡ ਨੇ ਆਪਣੇ ਐਚਸੀ 144 ਓਸ਼ਨ ਸੈਂਟਰੀ ਜਹਾਜ਼ ਨੂੰ ਬਚਾਅ ਕਾਰਜਾਂ ਵਿੱਚ ਲਗਾਇਆ ਹੈ, ਪਰ ਖ਼ਰਾਬ ਮੌਸਮ ਅਤੇ ਤੇਜ਼ ਲਹਿਰਾਂ ਕਾਰਨ ਸ਼ੁਰੂਆਤੀ ਭਾਲ ਵਿੱਚ ਭਾਰੀ ਰੁਕਾਵਟਾਂ ਪੇਸ਼ ਆਈਆਂ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਮੌਸਮ ਸਾਫ਼ ਹੁੰਦੇ ਹੀ ਤਲਾਸ਼ੀ ਹੋਰ ਤੇਜ਼ ਕੀਤੀ ਜਾਵੇਗੀ। ਲਾਪਤਾ ਪਰਿਵਾਰ ਦੀ ਰਿਸ਼ਤੇਦਾਰ ਸਿਲਵੀਆ ਲਾਰੀਊ ਨੇ ਮੀਡੀਆ ਨੂੰ ਦੱਸਿਆ ਕਿ ਜਹਾਜ਼ ਨੂੰ ਉਨ੍ਹਾਂ ਦੇ 80 ਸਾਲਾ ਅੰਕਲ ਮਾਰੀਓ ਲਾਮਾਰ ਉਡਾ ਰਹੇ ਸਨ। ਜਹਾਜ਼ ਵਿੱਚ ਮਾਰੀਓ ਦੀ 79 ਸਾਲਾ ਪਤਨੀ ਲਿਲੀ ਲਾਮਾਰ ਅਤੇ ਉਨ੍ਹਾਂ ਦੇ ਦੋ ਦੋਹਤੇ-ਦੋਹਤੀਆਂ, 22 ਸਾਲਾ ਕ੍ਰਿਸਚੀਅਨ ਸੋਸਾ ਅਤੇ 28 ਸਾਲਾ ਸੋਫੀ ਸੋਸਾ ਸ਼ਾਮਲ ਸਨ। ਪਰਿਵਾਰ ਲੇਬਰ ਡੇਅ ਦੀਆਂ ਛੁੱਟੀਆਂ ਮਨਾਉਣ ਲਈ ਟਾਪੂ ’ਤੇ ਗਿਆ ਹੋਇਆ ਸੀ ਜਿੱਥੇ ਉਨ੍ਹਾਂ ਦਾ ਆਪਣਾ ਨਿੱਜੀ ਘਰ ਹੈ। ਰਿਸ਼ਤੇਦਾਰਾਂ ਨੇ ਕਿਸ਼ਤੀ ਚਾਲਕਾਂ ਅਤੇ ਸਥਾਨਕ ਨਾਗਰਿਕਾਂ ਨੂੰ ਬਚਾਅ ਕਾਰਜਾਂ ਵਿੱਚ ਮਦਦ ਕਰਨ ਦੀ ਭਾਵੁਕ ਅਪੀਲ ਕੀਤੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ