ਘਰ ਅੰਦਰ ਬੈਠੇ ਬੇਕਸੂਰ ਬਜ਼ੁਰਗ ਦਾ ਕਤਲ
ਵੈਨਕੂਵਰ (ਏਕਜੋਤ ਸਿੰਘ): ਬਰਨਬੀ ਸ਼ਹਿਰ ਵਿੱਚ ਆਪਣੇ ਹੀ ਘਰ ਅੰਦਰ ਬੈਠੇ 85 ਸਾਲਾ ਬਜ਼ੁਰਗ ਚਾਂਗ ਯੋਂਗ ਚੋਅ ਦੀ ਅਚਾਨਕ ਆਈ ਇੱਕ ਭਟਕਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕ ਦੇ ਦੋਵਾਂ ਪੁੱਤਰਾਂ ਜਸਟਿਨ ਅਤੇ ਡੇਵਿਡ ਚੋਅ ਨੇ ਇੱਕ ਭਾਵੁਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਬੇਮਤਲਬ ਹਿੰਸਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੀ ਮਦਦ ਲਈ ਅੱਗੇ ਆਵੇ।
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹੀਟ) ਅਨੁਸਾਰ ਮ੍ਰਿਤਕ ਨੂੰ 30 ਅਗਸਤ ਨੂੰ ਘਰ ਦੇ ਅੰਦਰ ਗੋਲੀ ਲੱਗੀ ਸੀ ਅਤੇ ਬਾਅਦ ਵਿੱਚ ਉਹ ਮ੍ਰਿਤਕ ਪਾਏ ਗਏ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਜਨਮ 1940 ਵਿੱਚ ਕੋਰੀਆ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਕੈਨੇਡਾ ਆ ਕੇ ਸਖ਼ਤ ਮਿਹਨਤ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਹ ਬੇਹੱਦ ਨਿਮਰ, ਸ਼ਾਂਤ ਸੁਭਾਅ ਅਤੇ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਸਾਲ 2012 ਵਿੱਚ ਪਤਨੀ ਦੀ ਮੌਤ ਤੋਂ ਬਾਅਦ ਉਹ ਚਰਚ ਅਤੇ ਭਾਈਚਾਰਕ ਸੇਵਾਵਾਂ ਵਿੱਚ ਆਪਣਾ ਸਮਾਂ ਬਿਤਾਉਂਦੇ ਸਨ।
ਆਈਹੀਟ ਦੀ ਅਧਿਕਾਰੀ ਸਾਰਜੈਂਟ ਫਰੀਡਾ ਫੌਂਗ ਨੇ ਦੱਸਿਆ ਕਿ ਜਾਂਚ ਟੀਮ ਨੇ ਕੁਝ ਨੌਜਵਾਨਾਂ ਦੀ ਪਛਾਣ ਕੀਤੀ ਹੈ ਜੋ ਇਸ ਗੋਲੀਬਾਰੀ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਇਸ ਬਾਰੇ ਅਹਿਮ ਜਾਣਕਾਰੀ ਰੱਖਦੇ ਹਨ। ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਸਾਹਮਣੇ ਆਉਣ ਲਈ ਕਿਹਾ ਹੈ। ਜਾਂਚ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਾਹਨ ਚਾਲਕਾਂ ਕੋਲ 30 ਅਗਸਤ ਦੀ ਅੱਧੀ ਰਾਤ 12:30 ਤੋਂ 2:00 ਵਜੇ ਦਰਮਿਆਨ 18ਵੀਂ ਐਵੇਨਿਊ ਅਤੇ ਹੰਫਰੀਜ਼ ਐਵੇਨਿਊ ਖੇਤਰ ਦੀ ਕੋਈ ਡੈਸ਼ਕੈਮ ਜਾਂ ਸੀਸੀਟੀਵੀ ਫੁਟੇਜ ਹੋਵੇ, ਉਹ ਤੁਰੰਤ ਹੋਮੀਸਾਈਡ ਟੀਮ ਨਾਲ ਸਾਂਝੀ ਕਰਨ। This report was written by Ekjot Singh as part of the Local Journalism Initiative.
ਬਰਨਬੀ ਵਿੱਚ ਗੋਲੀ ਲੱਗਣ ਨਾਲ 85 ਸਾਲਾ ਬਜ਼ੁਰਗ ਦੀ ਮੌਤ

