ਆਈਸਲੈਂਡ ਦੀ ਪ੍ਰਧਾਨ ਮੰਤਰੀ ਨੇ ਟਰੰਪ ਦੀ ਪੋਸਟ ਨੂੰ ਦੱਸਿਆ ਅਪਮਾਨਜਨਕ
ਵੈਨਕੂਵਰ (ਏਕਜੋਤ ਸਿੰਘ): ਆਈਸਲੈਂਡ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਇੱਕ ਵਿਵਾਦਤ ਨਕਸ਼ੇ ਦੇ ਵਿਰੋਧ ਵਿੱਚ ਅਮਰੀਕੀ ਰਾਜਦੂਤ ਬਿਲੀ ਲੌਂਗ ਨੂੰ ਤਲਬ ਕਰ ਲਿਆ ਹੈ। ਟਰੰਪ ਨੇ ਬਿਨਾਂ ਕਿਸੇ ਵੇਰਵੇ ਦੇ ਉੱਤਰੀ ਅਮਰੀਕਾ ਦਾ ਇੱਕ ਅਜਿਹਾ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚ ਕੈਨੇਡਾ, ਗ੍ਰੀਨਲੈਂਡ ਅਤੇ ਆਈਸਲੈਂਡ ਨੂੰ ਪੂਰੀ ਤਰ੍ਹਾਂ ਅਮਰੀਕੀ ਝੰਡੇ ਨਾਲ ਢਕ ਕੇ ‘ਸੰਯੁਕਤ ਰਾਜ ਅਮਰੀਕਾ’ ਵਜੋਂ ਦਿਖਾਇਆ ਗਿਆ ਸੀ। ਇਸ ਕਦਮ ਨਾਲ ਯੂਰਪ ਅਤੇ ਆਰਕਟਿਕ ਖੇਤਰ ਦੇ ਦੇਸ਼ਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟ੍ਰੁਨ ਫਰੋਸਟਾਡੋਟਿਰ ਨੇ ਇਸ ਪੋਸਟ ਨੂੰ ਆਈਸਲੈਂਡ, ਕੈਨੇਡਾ ਅਤੇ ਗ੍ਰੀਨਲੈਂਡ ਦੇ ਨਾਗਰਿਕਾਂ ਦਾ ਘੋਰ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੁਤੰਤਰ ਦੇਸ਼ ਦੀ ਪ੍ਰਭੂਸੱਤਾ ਦਾ ਮਜ਼ਾਕ ਉਡਾਉਣਾ ਬਿਲਕੁਲ ਗਲਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਦੂਤ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਜਿਹਾ ਵਤੀਰਾ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ੋਰ ਦਿੱਤਾ ਕਿ ਆਈਸਲੈਂਡ ਇੱਕ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਮੁਲਕ ਹੈ ਅਤੇ ਕੋਈ ਹੋਰ ਦੇਸ਼ ਸਾਡੀ ਆਜ਼ਾਦੀ ਦਾ ਸੌਦਾ ਨਹੀਂ ਕਰ ਸਕਦਾ। ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਵੀ ਇਸ ਪੋਸਟ ਨੂੰ ਬੇਹੱਦ ਇਤਰਾਜ਼ਯੋਗ ਦੱਸਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਅਜਿਹੀ ਵਿਸਥਾਰਵਾਦੀ ਸੋਚ ਨੂੰ ਰੋਕਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਲਗਾਤਾਰ ਗ੍ਰੀਨਲੈਂਡ ’ਤੇ ਅਮਰੀਕੀ ਨਿਯੰਤਰਣ ਦੀਆਂ ਗੱਲਾਂ ਕਰਦੇ ਰਹੇ ਹਨ, ਜਿਸ ਕਾਰਨ ਯੂਰਪੀਅਨ ਯੂਨੀਅਨ ਨੇ ਗ੍ਰੀਨਲੈਂਡ ਨੂੰ ਕਰੋੜਾਂ ਯੂਰੋ ਦੇ ਨਿਵੇਸ਼ ਦਾ ਭਰੋਸਾ ਦਿੱਤਾ ਹੈ। ਆਈਸਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਉਹ ਗ੍ਰੀਨਲੈਂਡ ਦੇ ਲੋਕਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਰਹੇਗਾ ਅਤੇ ਆਪਣੇ ਹੱਕਾਂ ਦੀ ਰਾਖੀ ਡਟ ਕੇ ਕਰੇਗਾ। This report was written by Ekjot Singh as part of the Local Journalism Initiative.
ਡੋਨਾਲਡ ਟਰੰਪ ਦੇ ਵਿਵਾਦਤ ਨਕਸ਼ੇ ਦਾ ਆਈਸਲੈਂਡ ਵਲੋਂ ਿਵਰੋਧ

