14.1 C
Vancouver
Friday, October 9, 2026

ਟੈਲਸ ਕੰਪਨੀ ਨਾਲ 1.1 ਮਿਲੀਅਨ ਡਾਲਰ ਦਾ ਧੋਖਾ

ਕੰਪਨੀ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਨਾਲ 2,500 ਤੋਂ ਵੱਧ ਘਰੇਲੂ ਸਾਮਾਨ ਖ਼ਰੀਦ ਕੇ ਆਨਲਾਈਨ ਵੇਚਣ ਦੇ ਦੋਸ਼
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਟੈਲਸ ਨੇ ਆਪਣੇ ਇੱਕ ਸਾਬਕਾ ਮੁਲਾਜ਼ਮ ਵਿਰੁੱਧ 1.1 ਮਿਲੀਅਨ ਡਾਲਰ ਤੋਂ ਵੱਧ ਦਾ ਗ਼ਬਨ ਕਰਨ ਦੇ ਦੋਸ਼ ਹੇਠ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ।
ਕੰਪਨੀ ਦਾ ਦੋਸ਼ ਹੈ ਕਿ ਉੱਚ ਅਹੁਦੇ ’ਤੇ ਤਾਇਨਾਤ ਇਸ ਅਧਿਕਾਰੀ ਨੇ ਕੰਪਨੀ ਦੇ ਕ੍ਰੈਡਿਟ ਕਾਰਡਾਂ ਦੀ ਦੁਰਵਰਤੋਂ ਕਰਦਿਆਂ ਨਿੱਜੀ ਵਰਤੋਂ ਲਈ ਹਜ਼ਾਰਾਂ ਮਹਿੰਗੀਆਂ ਵਸਤਾਂ ਖ਼ਰੀਦੀਆਂ ਅਤੇ ਬਾਅਦ ਵਿੱਚ ਉਨ੍ਹਾਂ ਵਿੱਚੋਂ ਕਈ ਸਾਮਾਨ ਆਨਲਾਈਨ ਵੇਚ ਦਿੱਤੇ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਮੁਲਾਜ਼ਮ ਸਾਲ 2015 ਤੋਂ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਕੋਲ ਖ਼ਰੀਦੋ-ਫ਼ਰੋਖ਼ਤ, ਸਾਜ਼ੋ-ਸਾਮਾਨ ਦੀ ਪ੍ਰਾਪਤੀ ਅਤੇ ਬਜਟ ਪ੍ਰਬੰਧਨ ਦੇ ਅਹਿਮ ਅਧਿਕਾਰ ਸਨ। ਟੈਲਸ ਕਮਿਊਨੀਕੇਸ਼ਨਜ਼ ਨੇ ਦੋਸ਼ ਲਾਇਆ ਹੈ ਕਿ ਸਾਲ 2020 ਤੋਂ ਮੁਲਜ਼ਮ ਨੇ ਦੂਜੇ ਕਰਮਚਾਰੀਆਂ ਨੂੰ ਕੰਪਨੀ ਦੇ ਕ੍ਰੈਡਿਟ ਕਾਰਡ ਨਾਲ ਜੁੜੇ ਐਮਾਜ਼ਾਨ ਬਿਜ਼ਨਸ ਖਾਤੇ ਰਾਹੀਂ ਖ਼ਰੀਦਦਾਰੀ ਕਰਨ ਦੇ ਆਦੇਸ਼ ਦੇਣੇ ਸ਼ੁਰੂ ਕੀਤੇ। ਇਸ ਦੌਰਾਨ 2,500 ਤੋਂ ਵੱਧ ਅਜਿਹੀਆਂ ਵਸਤਾਂ ਖ਼ਰੀਦੀਆਂ ਗਈਆਂ ਜਿਨ੍ਹਾਂ ਦਾ ਕੰਪਨੀ ਦੇ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਇਨ੍ਹਾਂ ਵਸਤਾਂ ਵਿੱਚ ਹੋਮ ਥੀਏਟਰ ਸਿਸਟਮ, ਰੈਫ੍ਰਿਜਰੇਟਰ, ਡਿਸ਼ਵਾਸ਼ਰ, ਮਹਿੰਗੇ ਕੈਮਰੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਸ਼ਾਮਲ ਸਨ।
ਕੰਪਨੀ ਅਨੁਸਾਰ ਮੁਲਜ਼ਮ ਨੇ ਇਨ੍ਹਾਂ ਵਿੱਚੋਂ ਕੁਝ ਸਾਮਾਨ ਐਮਾਜ਼ਾਨ ਅਤੇ ਹੋਰ ਆਨਲਾਈਨ ਮੰਚਾਂ ’ਤੇ ਵੇਚ ਕੇ ਨਿੱਜੀ ਕਮਾਈ ਕੀਤੀ। ਇਸ ਗੜਬੜੀ ਦਾ ਖੁਲਾਸਾ ਹੋਣ ਤੋਂ ਬਾਅਦ ਕੰਪਨੀ ਨੇ 13 ਅਗਸਤ ਨੂੰ ਉਕਤ ਮੁਲਾਜ਼ਮ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਹੁਣ ਟੈਲਸ ਨੇ ਖ਼ਰਚ ਕੀਤੇ ਗਏ 1.1 ਮਿਲੀਅਨ ਡਾਲਰ ਦੀ ਵਸੂਲੀ ਦੇ ਨਾਲ-ਨਾਲ ਕਾਨੂੰਨੀ ਖਰਚੇ ਅਤੇ ਹਰਜਾਨੇ ਦੀ ਮੰਗ ਕੀਤੀ ਹੈ। ਹਾਲਾਂਕਿ ਅਦਾਲਤ ਵਿੱਚ ਅਜੇ ਤੱਕ ਇਹ ਦੋਸ਼ ਸਾਬਤ ਨਹੀਂ ਹੋਏ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ