1 ਅਕਤੂਬਰ ਤੋਂ ਪੀਐਸਟੀ ਵਿਸਥਾਰ ’ਤੇ ਵਿਵਾਦ, ਛੋਟੇ ਕਾਰੋਬਾਰੀਆਂ ਦਾ ਨਿਕਲੇਗਾ ਦੀਵਾਲਾ : ਕੈਰੀ-ਲਿਨ ਫਿੰਡਲੇ
ਵੈਨਕੂਵਰ (ਏਕਜੋਤ ਸਿੰਘ): ਐਬਟਸਫੋਰਡ ਚੈਂਬਰ ਆਫ਼ ਕਾਮਰਸ ਵੱਲੋਂ ਕਰਵਾਈ ਗਈ ਲਾਈਵ ਚੋਣ ਬਹਿਸ ਦੌਰਾਨ ਐਬਟਸਫੋਰਡ-ਮਿਸ਼ਨ ਹਲਕੇ ਦੇ ਉਮੀਦਵਾਰਾਂ ਵਿਚਕਾਰ ਤਿੱਖੀ ਤਕਰਾਰ ਦੇਖਣ ਨੂੰ ਮਿਲੀ। ਬਹਿਸ ਦੇ ਅੰਤ ਵਿੱਚ ਬੀਸੀ ਐਨਡੀਪੀ ਦੀ ਉਮੀਦਵਾਰ ਪੈਮ ਐਲੇਕਸਿਸ ਨੇ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੈਰੀ-ਲਿਨ ਫਿੰਡਲੇ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਉਹ ਸਥਾਨਕ ਭਾਈਚਾਰੇ ਦੀਆਂ ਸਮੱਸਿਆਵਾਂ ਤੋਂ ਅਣਜਾਣ ਹਨ ਅਤੇ ਸਮਾਜ ਵਿੱਚ ਵੰਡੀਆਂ ਪਾਉਣ ਆਏ ਹਨ।
ਐਲੇਕਸਿਸ ਨੇ ਕਿਹਾ ਕਿ ਜਿੱਥੇ ਵਿਰੋਧੀ ਧਿਰ ਅੰਦਰੂਨੀ ਲੜਾਈਆਂ ਵਿੱਚ ਉਲਝੀ ਹੋਈ ਹੈ, ਉੱਥੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।
ਦੂਜੇ ਪਾਸੇ ਕੰਜ਼ਰਵੇਟਿਵ ਉਮੀਦਵਾਰ ਫਿੰਡਲੇ ਨੇ 1 ਅਕਤੂਬਰ ਤੋਂ ਲਾਗੂ ਹੋਣ ਵਾਲੇ 7% ਪੀਐਸਟੀ ਵਿਸਥਾਰ ਨੂੰ ਲੈ ਕੇ ਐਨਡੀਪੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਕਾਊਂਟਿੰਗ ਅਤੇ ਸੁਰੱਖਿਆ ਵਰਗੀਆਂ ਪੇਸ਼ੇਵਰ ਸੇਵਾਵਾਂ ’ਤੇ ਨਵਾਂ ਟੈਕਸ ਲਗਾਉਣ ਨਾਲ ਛੋਟੇ ਕਾਰੋਬਾਰੀਆਂ ਦਾ ਲੱਕ ਟੁੱਟ ਜਾਵੇਗਾ ਅਤੇ ਲੋਕ ਹੁਣ ਐਨਡੀਪੀ ਦੇ ਦਾਅਵਿਆਂ ’ਤੇ ਭਰੋਸਾ ਨਹੀਂ ਕਰਦੇ। ਫਿੰਡਲੇ ਨੇ ਸੂਬੇ ਦੇ ਵਧ ਰਹੇ ਕਰਜ਼ੇ ਅਤੇ ਕ੍ਰੈਡਿਟ ਰੇਟਿੰਗ ਡਿੱਗਣ ਲਈ ਡੇਵਿਡ ਈਬੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਜਵਾਬ ਵਿੱਚ ਐਲੇਕਸਿਸ ਨੇ ਦਲੀਲ ਦਿੱਤੀ ਕਿ ਕਾਰਬਨ ਟੈਕਸ ਖ਼ਤਮ ਕਰਨ ਤੋਂ ਬਾਅਦ ਜਨਤਕ ਸੇਵਾਵਾਂ ਜਾਰੀ ਰੱਖਣ ਲਈ ਇਹ ਫੰਡ ਜ਼ਰੂਰੀ ਹਨ।
ਬਹਿਸ ਉਸ ਸਮੇਂ ਹੋਰ ਭਖ ਗਈ ਜਦੋਂ ਐਲੇਕਸਿਸ ਨੇ ਫਿੰਡਲੇ ਨੂੰ ਸਵਾਲ ਕੀਤਾ ਕਿ ਜਨਤਾ ਉਨ੍ਹਾਂ ’ਤੇ ਕਿਵੇਂ ਭਰੋਸਾ ਕਰੇ ਜਦੋਂ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ 9 ਵਿਧਾਇਕ ਹਾਲ ਹੀ ਵਿੱਚ ਪਾਰਟੀ ਛੱਡ ਕੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਐਬਟਸਫੋਰਡ ਸਾਊਥ ਦੇ ਵਿਧਾਇਕ ਬਰੂਸ ਬੈਨਮੈਨ ਵੀ ਸ਼ਾਮਲ ਹਨ। ਇਸ 90 ਮਿੰਟ ਦੀ ਬਹਿਸ ਵਿੱਚ ਗ੍ਰੀਨ ਪਾਰਟੀ ਦੇ ਸਟੀਫਨ ਫਾਊਲਰ ਅਤੇ ਸੈਂਟਰ ਬੀਸੀ ਦੇ ਲਖਵਿੰਦਰ ਝੱਜ ਨੇ ਵੀ ਹਿੱਸਾ ਲਿਆ, ਜਦਕਿ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਗੈਰ-ਹਾਜ਼ਰ ਰਹੇ। This report was written by Ekjot Singh as part of the Local Journalism Initiative.
ਟੈਕਸਾਂ, ਬਜਟ ਅਤੇ ਮਹਿੰਗਾਈ ਦੇ ਮੁੱਦੇ ’ਤੇ ਆਹਮੋ-ਸਾਹਮਣੇ ਹੋਏ ਉਮੀਦਵਾਰ

