12.6 C
Vancouver
Tuesday, October 6, 2026

ਐਲਪਸ ਪਹਾੜੀਆਂ ਵਿੱਚ ਕੈਨੇਡੀਅਨ ਅਥਲੀਟ ਹੋਇਆ ਲਾਪਤਾ

ਇਟਲੀ ਸਰਹੱਦ ਨੇੜੇ ਵਾਪਰਿਆ ਹਾਦਸਾ
ਵੈਨਕੂਵਰ (ਏਕਜੋਤ ਸਿੰਘ): ਪਹਾੜੀ ਟ੍ਰੇਲ ਦੌੜਾਕ ਹਿਲੇਰੀ ਗੇਰਾਰਡੀ ਨੇ ਖ਼ਤਰਨਾਕ ਚੱਟਾਨਾਂ ’ਤੇ ਕੀਤੀ ਜਾਣ ਵਾਲੀ ਸਕਾਈਰਨਿੰਗ ਖੇਡ ਦੇ ਰੋਮਾਂਚ ਅਤੇ ਜਾਨਲੇਵਾ ਜੋਖਮਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਉਨ੍ਹਾਂ ਦੀ ਕਰੀਬੀ ਦੋਸਤ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਸ਼ਹਿਰ ਦੀ ਵਸਨੀਕ ਕੈਲੀ ਮੈਕਕ੍ਰਿਸਟਲ ਮੈਟਰਹੌਰਨ ਪਹਾੜੀ ਦੇ ਇਟਾਲੀਅਨ ਹਿੱਸੇ ਵਿੱਚ 1 ਸਤੰਬਰ ਤੋਂ ਲਾਪਤਾ ਹੈ। ਗੇਰਾਰਡੀ ਨੇ ਦੱਸਿਆ ਕਿ ਉਹ ਅਤੇ ਇੱਕ ਹੋਰ ਦੋਸਤ ਪਿਛਲੇ ਹਫ਼ਤੇ ਇੱਕ ਨਵਾਂ ਦੌੜ ਰਿਕਾਰਡ ਬਣਾਉਣ ਵਿੱਚ ਮੈਕਕ੍ਰਿਸਟਲ ਦੀ ਮਦਦ ਕਰਨ ਵਾਲੇ ਸਨ, ਪਰ ਅਚਾਨਕ ਸੰਪਰਕ ਟੁੱਟਣ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਗੇਰਾਰਡੀ ਮੁਤਾਬਕ ਉਹ ਮੈਕਕ੍ਰਿਸਟਲ ਨੂੰ ਸਕਾਈਰਨਰ ਵਿਸ਼ਵ ਲੜੀ ਦੌਰਾਨ ਮਿਲੇ ਸਨ ਅਤੇ ਦੋਵੇਂ ਇਸ ਖੇਡ ਦੀਆਂ ਸੀਮਾਵਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਵਾਲੀਆਂ ਮਹਿਲਾ ਅਥਲੀਟਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਕਾਈਰਨਿੰਗ ਇੱਕ ਕਿਸਮ ਦਾ ਧਿਆਨ ਸਾਧਨਾ ਵਰਗਾ ਅਭਿਆਸ ਹੈ, ਜਿਸ ਵਿੱਚ ਇੱਕ ਪਲ ਦੀ ਅਣਗਹਿਲੀ ਵੀ ਜਾਨਲੇਵਾ ਹੋ ਸਕਦੀ ਹੈ। ਇਹ ਆਮ ਟਰੈਡਮਿਲ ਜਾਂ ਪੱਕੀ ਸੜਕ ’ਤੇ ਦੌੜਨ ਵਰਗਾ ਨਹੀਂ ਹੈ, ਸਗੋਂ ਇੱਥੇ ਇੱਕ ਮੀਟਰ ਤੋਂ ਵੀ ਤੰਗ ਰਸਤੇ ਹੁੰਦੇ ਹਨ ਜਿਨ੍ਹਾਂ ਦੇ ਦੋਵੇਂ ਪਾਸੇ ਡੂੰਘੀਆਂ ਖੱਡਾਂ ਹੁੰਦੀਆਂ ਹਨ ਜਿੱਥੇ ਪੈਰ ਤਿਲਕਣ ਦਾ ਮਤਲਬ ਸਿੱਧੀ ਮੌਤ ਹੁੰਦਾ ਹੈ। ਗੇਰਾਰਡੀ ਨੇ ਕਿਹਾ ਕਿ ਇਹ ਪਹਾੜੀ ਖੇਤਰ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਛੱਡਦਾ। ਮੈਕਕ੍ਰਿਸਟਲ ਇਸ ਰਸਤੇ ਤੋਂ ਪੂਰੀ ਤਰ੍ਹਾਂ ਜਾਣੂ ਸਨ ਅਤੇ ਪਹਿਲਾਂ ਵੀ ਕਈ ਵਾਰ ਬਿਨਾਂ ਕਿਸੇ ਗ਼ਲਤੀ ਦੇ ਇੱਥੇ ਦੌੜ ਚੁੱਕੇ ਸਨ। ਉਨ੍ਹਾਂ ਅਨੁਸਾਰ ਸ਼ਾਇਦ ਦੌੜ ਦੌਰਾਨ ਅਚਾਨਕ ਪੈਰ ਤਿਲਕਣ ਕਾਰਨ ਇਹ ਅਣਹੋਣੀ ਵਾਪਰੀ ਹੈ। ਖੇਤਰ ਬੇਹੱਦ ਦੁਰਗਮ ਹੋਣ ਕਾਰਨ ਬਚਾਅ ਕਾਰਜਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਨਵੀਂ ਜਾਣਕਾਰੀ ਮਿਲਣ ’ਤੇ ਹੀ ਖੋਜ ਮੁੜ ਸ਼ੁਰੂ ਹੋਵੇਗੀ। ਐਥਲੈਟਿਕਸ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਫਿਲਹਾਲ ਮੈਕਕ੍ਰਿਸਟਲ ਬਾਰੇ ਕੋਈ ਨਵਾਂ ਅਪਡੇਟ ਨਹੀਂ ਮਿਲਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ