12.6 C
Vancouver
Tuesday, October 6, 2026

ਅਲਬਰਟਾ ਵਿੱਚ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਫੈਡਰਲ ਪਹਿਲ: 1,460 ਸਸਤੇ ਘਰ ਬਣਾਉਣ ਦਾ ਐਲਾਨ

ਅੌਟਵਾ ਅਤੇ ਅਲਬਰਟਾ ਸਰਕਾਰ ਦੀ ਸਾਂਝੀ ਭਾਈਵਾਲੀ: ਹਾਊਸਿੰਗ ਪ੍ਰੋਜੈਕਟਾਂ ’ਤੇ ਖਰਚੇ ਜਾਣਗੇ ਲੱਖਾਂ ਡਾਲਰ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਫੈਡਰਲ ਸਰਕਾਰ ਅਤੇ ਅਲਬਰਟਾ ਸੂਬੇ ਨੇ ਮਿਲ ਕੇ ਸੂਬੇ ਭਰ ਵਿੱਚ ਘੱਟੋ-ਘੱਟ 1,460 ਕਿਫ਼ਾਇਤੀ ਰਿਹਾਇਸ਼ੀ ਯੂਨਿਟ ਬਣਾਉਣ ਦਾ ਅਹਿਮ ਅਹਿਦ ਲਿਆ ਹੈ। ਇਸ ਮਹੱਤਵਪੂਰਨ ਯੋਜਨਾ ਤਹਿਤ ਫੈਡਰਲ ਸਰਕਾਰ ਆਪਣੀ ਨਵੀਂ ਏਜੰਸੀ ‘ਬਿਲਡ ਕੈਨੇਡਾ ਹੋਮਜ਼’ ਰਾਹੀਂ 220 ਮਿਲੀਅਨ ਡਾਲਰ ਤੱਕ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗੀ। ਇਸ ਏਜੰਸੀ ਦਾ ਮੁੱਖ ਉਦੇਸ਼ ਘਰਾਂ ਦੀ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਉਣਾ ਹੈ। ਇਸੇ ਦੌਰਾਨ ਅਲਬਰਟਾ ਸਰਕਾਰ ਇਸ ਪ੍ਰੋਜੈਕਟ ਲਈ 165 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ।
ਦੋਵਾਂ ਸਰਕਾਰਾਂ ਨੂੰ ਉਮੀਦ ਹੈ ਕਿ ਇਸ ਮੁਹਿੰਮ ਲਈ ਹੋਰ ਨਿੱਜੀ ਅਤੇ ਵਪਾਰਕ ਸਰੋਤਾਂ ਤੋਂ ਲਗਭਗ 238 ਮਿਲੀਅਨ ਡਾਲਰ ਦਾ ਵਾਧੂ ਫੰਡ ਵੀ ਪ੍ਰਾਪਤ ਹੋਵੇਗਾ। ਅਧਿਕਾਰਤ ਜਾਣਕਾਰੀ ਅਨੁਸਾਰ ਸੂਬੇ ਭਰ ਵਿੱਚ 21 ਵੱਖ-ਵੱਖ ਰਿਹਾਇਸ਼ੀ ਪ੍ਰੋਜੈਕਟਾਂ ਦੀ ਯੋਜਨਾ ਉਲੀਕੀ ਗਈ ਹੈ। ਇਨ੍ਹਾਂ ਵਿੱਚ ਖਾਸ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਹਾਇਕ ਰਿਹਾਇਸ਼ ਅਤੇ ਅਸਥਾਈ ਤੌਰ ’ਤੇ ਰਹਿਣ ਵਾਲੇ ਪਰਿਵਾਰਾਂ ਲਈ ਟਰਾਂਜ਼ੀਸ਼ਨਲ ਘਰ ਸ਼ਾਮਲ ਕੀਤੇ ਜਾਣਗੇ, ਤਾਂ ਜੋ ਲੋੜਵੰਦ ਨਾਗਰਿਕਾਂ ਨੂੰ ਛੱਤ ਮੁਹੱਈਆ ਕਰਵਾਈ ਜਾ ਸਕੇ।
ਇਸ ਪ੍ਰੋਜੈਕਟ ਦੀ ਖਾਸੀਅਤ ਇਹ ਹੈ ਕਿ ਇਸ ਵਿੱਚੋਂ ਘੱਟੋ-ਘੱਟ 500 ਘਰ ਆਧੁਨਿਕ ਉਸਾਰੀ ਤਕਨੀਕਾਂ, ਜਿਵੇਂ ਕਿ ਆਫ਼-ਸਾਈਟ ਅਤੇ ਫੈਕਟਰੀ ਵਿੱਚ ਪਹਿਲਾਂ ਤੋਂ ਤਿਆਰ ਕੀਤੇ ਜਾਣ ਵਾਲੇ ਢਾਂਚਿਆਂ ਰਾਹੀਂ ਉਸਾਰੇ ਜਾਣਗੇ।
ਇਸ ਤਕਨੀਕ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ, ਉੱਥੇ ਹੀ ਘਰਾਂ ਦੀ ਮਜ਼ਬੂਤੀ ਅਤੇ ਊਰਜਾ ਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ। ਕੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਬਿਲਡ ਕੈਨੇਡਾ ਹੋਮਜ਼ ਅਤੇ ਅਲਬਰਟਾ ਪ੍ਰਸ਼ਾਸਨ ਇੱਕ ਸਾਂਝਾ ਸਹਿਯੋਗ ਮੰਚ ਸਥਾਪਿਤ ਕਰਨਗੇ, ਜੋ ਤਰਜੀਹੀ ਪ੍ਰੋਜੈਕਟਾਂ ਦੀ ਚੋਣ ਕਰੇਗਾ ਅਤੇ ਨਿਵੇਸ਼ ਦੀ ਨਿਗਰਾਨੀ ਕਰੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ