12.6 C
Vancouver
Tuesday, October 6, 2026

ਅਮਰੀਕੀ ਸਰਕਾਰੀ ਖ਼ਰੀਦ ਸਮਝੌਤਿਆਂ ਵਿੱਚੋਂ ਕੈਨੇਡੀਅਨ ਉਤਪਾਦ ਬਾਹਰ

ਕੈਨੇਡਾ ਕਦੇ ਵੀ ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ : ਪ੍ਰਧਾਨ ਮੰਤਰੀ ਮਾਰਕ ਕਾਰਨੀ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਵੱਲੋਂ ਅਮਰੀਕੀ ਵਸਤਾਂ ’ਤੇ ਜਵਾਬੀ ਟੈਰਿਫ ਲਾਗੂ ਕੀਤੇ ਜਾਣ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਕਾਰਜਕਾਰੀ ਹੁਕਮ ਜਾਰੀ ਕਰਕੇ ਕੈਨੇਡਾ ਵਿਰੁੱਧ ਜਵਾਬੀ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਨਵੇਂ ਹੁਕਮਾਂ ਤਹਿਤ ਕੈਨੇਡੀਅਨ ਮੋਟਰਸਾਈਕਲਾਂ, ਡੇਅਰੀ ਉਤਪਾਦਾਂ ਅਤੇ ਅਲਕੋਹਲ ਦੀ ਦਰਾਮਦ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕੀ ਫੈਡਰਲ ਏਜੰਸੀ ਨੂੰ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਖ਼ਰੀਦ ਦੇ ਸਾਰੇ ਕੰਟਰੈਕਟਾਂ ਵਿੱਚੋਂ ਕੈਨੇਡੀਅਨ ਉਤਪਾਦਾਂ ਨੂੰ ਬਾਹਰ ਕੱਢਿਆ ਜਾਵੇ, ਜਿਸ ਨੂੰ ਟਰੰਪ ਨੇ 50 ਬਿਲੀਅਨ ਡਾਲਰ ਸਾਲਾਨਾ ਦਾ ਕਾਰੋਬਾਰ ਦੱਸਿਆ ਹੈ।
ਟਰੰਪ ਨੇ ਦੋਸ਼ ਲਗਾਇਆ ਕਿ ਕੈਨੇਡਾ ਨੇ ਅਮਰੀਕੀ ਕਾਰਾਂ, ਡੇਅਰੀ ਅਤੇ ਛੋਟੇ ਕਾਰੋਬਾਰਾਂ ਨਾਲ ਪੱਖਪਾਤ ਕੀਤਾ ਹੈ, ਇਸ ਲਈ ਬਿਨਾਂ ਬਰਾਬਰੀ ਦੇ ਕੋਈ ਵਪਾਰਕ ਪਹੁੰਚ ਨਹੀਂ ਦਿੱਤੀ ਜਾਵੇਗੀ। ਇਸ ਦੇ ਜਵਾਬ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਤੋਂ ਦੂਰ ਹੋਣ ਦਾ ਕੁਝ ਆਰਥਿਕ ਮੁੱਲ ਜ਼ਰੂਰ ਚੁਕਾਉਣਾ ਪਵੇਗਾ, ਪਰ ਗੁਲਾਮੀ ਸਵੀਕਾਰ ਕਰਨ ਨਾਲੋਂ ਇਹ ਕਿਤੇ ਬਿਹਤਰ ਹੈ। ਕਾਰਨੀ ਨੇ ਕਿਹਾ ਕਿ ਅਮਰੀਕਾ ਕੈਨੇਡਾ ਨੂੰ ਤੋੜ ਕੇ ਆਪਣੇ ਅਧੀਨ ਕਰਨਾ ਚਾਹੁੰਦਾ ਸੀ, ਜੋ ਕਦੇ ਵੀ ਸੰਭਵ ਨਹੀਂ ਹੋਣ ਦਿੱਤਾ ਜਾਵੇਗਾ। ਕੈਨੇਡਾ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਅਤੇ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਾਂ ਨੇ ਫੈਡਰਲ ਸਰਕਾਰ ਵੱਲੋਂ ਚੁੱਕੇ ਗਏ ਜਵਾਬੀ ਕਦਮਾਂ ਦਾ ਡਟਵਾਂ ਸਮਰਥਨ ਕੀਤਾ ਹੈ। ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰਭਾਵਿਤ ਵਪਾਰੀਆਂ ਨੂੰ ਸਰਕਾਰੀ ਮਦਦ ਦੇਣ ਦੀ ਗੱਲ ਕਹੀ ਹੈ। ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਕਿ ਕੈਨੇਡਾ ਸਰਕਾਰ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਦੇ ਹੋਏ ਹੀ ਕਿਸੇ ਵੀ ਨਿਰਪੱਖ ਗੱਲਬਾਤ ਲਈ ਅੱਗੇ ਵਧੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ