12.6 C
Vancouver
Tuesday, October 6, 2026

ਅਮਰੀਕੀ ਮੁਸੀਬਤ ਵੇਲੇ ਕੈਨੇਡੀਅਨਾਂ ਨੇ ਦਿਲ ਖੋਲ੍ਹ ਮਦਦ ਕੀਤੀ ਸੀ

.ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੈਨੇਡਾ ਵੱਲੋਂ ਅਰਬਾਂ ਡਾਲਰ ਦੇ ਅਮਰੀਕੀ ਸਾਮਾਨ ’ਤੇ ਜਵਾਬੀ ਟੈਰਿਫ ਲਾਗੂ ਕੀਤੇ ਜਾਣ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਕਰੜੀ ਨੁਕਤਾਚੀਨੀ ਕੀਤੀ ਹੈ। ਈਬੀ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਆਗਾਮੀ 25ਵੀਂ ਬਰਸੀ ਦਾ ਹਵਾਲਾ ਦਿੰਦਿਆਂ ਯਾਦ ਕਰਵਾਇਆ ਕਿ ਜਦੋਂ ਅਮਰੀਕਾ ਸੰਕਟ ਵਿੱਚ ਸੀ, ਤਾਂ ਕੈਨੇਡੀਅਨਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਸੀ। ਉਸ ਦਿਨ ਵੈਨਕੂਵਰ ਹਵਾਈ ਅੱਡੇ ’ਤੇ 8,500 ਯਾਤਰੀਆਂ ਨੂੰ ਉਤਾਰਿਆ ਗਿਆ ਸੀ ਅਤੇ ਸਥਾਨਕ ਲੋਕਾਂ ਨੇ ਬਿਨਾਂ ਝਿਜਕ ਆਪਣੇ ਘਰਾਂ ਦੇ ਬੂਹੇ ਖੋਲ੍ਹ ਦਿੱਤੇ ਸਨ।
ਈਬੀ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅੱਜ 25 ਸਾਲਾਂ ਬਾਅਦ ਟਰੰਪ ਕੈਨੇਡਾ ਦਾ ਅਪਮਾਨ ਕਰ ਰਹੇ ਹਨ, ਬੇਇਨਸਾਫ਼ੀ ਵਾਲੇ ਟੈਰਿਫ ਲਗਾ ਰਹੇ ਹਨ ਅਤੇ ਸਾਡੀ ਆਜ਼ਾਦੀ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਮਰੀਕੀ ਜਨਤਾ ’ਤੇ ਭਵਿੱਖ ਵਿੱਚ ਵੀ ਕੋਈ ਅਜਿਹੀ ਮੁਸੀਬਤ ਆਉਂਦੀ ਹੈ ਤਾਂ ਕੈਨੇਡਾ ਉਸੇ ਤਰ੍ਹਾਂ ਮਦਦ ਲਈ ਅੱਗੇ ਆਵੇਗਾ ਕਿਉਂਕਿ ਸਾਡੇ ਮਨੁੱਖੀ ਮੁੱਲ ਨਹੀਂ ਬਦਲੇ। ਪਰ ਇਸ ਦੇ ਨਾਲ ਹੀ ਕੈਨੇਡਾ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਆਪਣੇ ਪੈਰਾਂ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਅਮਰੀਕੀ ਦਬਾਅ ਅੱਗੇ ਕਦੇ ਨਹੀਂ ਝੁਕੇਗਾ।
ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਬੀਸੀ ਸਰਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਨਾਲ ਮਿਲ ਕੇ ਟੈਰਿਫਾਂ ਤੋਂ ਪ੍ਰਭਾਵਿਤ ਸਥਾਨਕ ਛੋਟੇ ਕਾਰੋਬਾਰੀਆਂ ਦੀ ਪੂਰੀ ਸਹਾਇਤਾ ਕਰੇਗੀ। ਉਨ੍ਹਾਂ ਨਾਗਰਿਕਾਂ ਨੂੰ ਕੈਨੇਡੀਅਨ ਉਤਪਾਦ ਖ਼ਰੀਦਣ ਅਤੇ ‘ਬਾਏ ਬੀਸੀ’ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸ਼ਰਾਬ ਸਟੋਰਾਂ ’ਤੇ ਅਮਰੀਕੀ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਜਾਰੀ ਰਹੇਗੀ ਅਤੇ ਸੂਬੇ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ