ਕੈਨੇਡਾ ਨੇ ਚੰਗੀ ਡੀਲ ਛੱਡ ਕੇ ਚੁਣਿਆ ਟਕਰਾਅ : ਅਮਰੀਕੀ ਵਪਾਰ ਮੁਖੀ
ਵੈਨਕੂਵਰ (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਦੋਵਾਂ ਦੇਸ਼ਾਂ ਵਿਚਾਲੇ ਭਖੀ ਤਾਜ਼ਾ ਵਪਾਰ ਜੰਗ ਲਈ ਸਿੱਧੇ ਤੌਰ ’ਤੇ ਕੈਨੇਡਾ ਨੂੰ ਕਸੂਰਵਾਰ ਠਹਿਰਾਇਆ ਹੈ। ਗ੍ਰੀਰ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਸ਼ਟਰਪਤੀ ਟਰੰਪ ਨੇ 5 ਕਾਰਜਕਾਰੀ ਹੁਕਮਾਂ ’ਤੇ ਦਸਤਖਤ ਕਰਦਿਆਂ ਕੈਨੇਡੀਅਨ ਡੇਅਰੀ, ਅਲਕੋਹਲ ਉਤਪਾਦਾਂ ਅਤੇ ਮੋਟਰਸਾਈਕਲਾਂ ਦੇ ਆਯਾਤ ’ਤੇ ਮੁਕੰਮਲ ਰੋਕ ਲਗਾ ਦਿੱਤੀ। ਗ੍ਰੀਰ ਨੇ ਦਾਅਵਾ ਕੀਤਾ ਕਿ ਦੋਵਾਂ ਧਿਰਾਂ ਵਿਚਕਾਰ ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਬਿਹਤਰੀਨ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਸੀ, ਪਰ ਕੈਨੇਡਾ ਨੇ ਅਚਾਨਕ ਗੱਲਬਾਤ ਛੱਡ ਕੇ ਬੇਲੋੜੀ ਜਵਾਬੀ ਕਾਰਵਾਈ ਦਾ ਰਾਹ ਚੁਣਿਆ।
ਗ੍ਰੀਰ ਮੁਤਾਬਕ ਅਮਰੀਕੀ ਪ੍ਰਸ਼ਾਸਨ ਵੱਲੋਂ ਧਾਰਾ 338 ਅਧੀਨ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਕੈਨੇਡਾ ਵੱਲੋਂ ਅਮਰੀਕੀ ਨਿਰਯਾਤਾਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਕੁਦਰਤੀ ਸਿੱਟਾ ਹਨ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਕਾਮਿਆਂ ਅਤੇ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਉਪਲਬਧ ਸਾਧਨ ਵਰਤਣਾ ਜਾਰੀ ਰੱਖੇਗਾ। ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਸਤ ਮਹੀਨੇ ਵਾਰਤਾ ਤੋਂ ਵੱਖ ਹੁੰਦਿਆਂ ਕਿਹਾ ਸੀ ਕਿ ਕੈਨੇਡਾ ਕਿਸੇ ਮਾੜੇ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ। ਕਾਰਨੀ ਨੇ ਤਿੰਨ ਮੁੱਖ ਮੁੱਦਿਆਂ ਦਾ ਹਵਾਲਾ ਦਿੱਤਾ ਸੀ, ਜਿਨ੍ਹਾਂ ਵਿੱਚ ਵਾਹਨਾਂ ਦੇ ਟੈਰਿਫ ਵਿੱਚ ਟਰੱਕਾਂ ਨੂੰ ਛੋਟ ਨਾ ਦੇਣਾ, ਤੀਜੇ ਮੁਲਕਾਂ ਨਾਲ ਕੈਨੇਡਾ ਦੇ ਮੁਕਤ ਵਪਾਰ ’ਤੇ ਅਮਰੀਕੀ ਸ਼ਰਤਾਂ ਥੋਪਣਾ ਅਤੇ ਫ੍ਰੈਂਚ ਭਾਸ਼ਾ ਦੇ ਨਿਯਮਾਂ ’ਤੇ ਦਬਾਅ ਸ਼ਾਮਲ ਸਨ।
ਕੈਨੇਡੀਅਨ ਪੱਖ ਰੱਖਦਿਆਂ ਅਮਰੀਕੀ ਵਪਾਰ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੇਬਲਾਂਕ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਹ ਗ੍ਰੀਰ ਨਾਲ ਨਿਰੰਤਰ ਸੰਪਰਕ ਵਿੱਚ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਵੀ ਅਮਰੀਕਾ ਗੱਲਬਾਤ ਲਈ ਤਿਆਰ ਹੋਵੇਗਾ, ਕੈਨੇਡਾ ਸਰਕਾਰ ਦੋਵਾਂ ਮੁਲਕਾਂ ਦੇ ਆਪਸੀ ਹਿੱਤਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦਾ ਪੂਰਾ ਸਤਿਕਾਰ ਕਰਦੇ ਹੋਏ ਉਸਾਰੂ ਗੱਲਬਾਤ ਅੱਗੇ ਵਧਾਉਣ ਲਈ ਵਚਨਬੱਧ ਰਹੇਗੀ। This report was written by Ekjot Singh as part of the Local Journalism Initiative.
ਅਮਰੀਕਾ-ਕੈਨੇਡਾ ਵਪਾਰ ਜੰਗ: ਜੈਮੀਸਨ ਗ੍ਰੀਰ ਨੇ ਪਾਬੰਦੀਆਂ ਲਈ ਕੈਨੇਡਾ ਨੂੰ ਠਹਿਰਾਇਆ ਜ਼ਿੰਮੇਵਾਰ

