12.6 C
Vancouver
Tuesday, October 6, 2026

ਿਕਲੋਨਾ ਸਿਟੀ ਕੌਂਸਲ ਵੱਲੋਂ ਡਾਊਨਟਾਊਨ ਨਸ਼ਾ ਨਿਗਰਾਨੀ ਕੇਂਦਰ ਬੰਦ ਕਰਨ ਦੀ ਮੰਗ

ਵੈਨਕੂਵਰ (ਏਕਜੋਤ ਸਿੰਘ): ਿਕਲੋਨਾ ਸਿਟੀ ਕੌਂਸਲ ਨੇ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਸਥਿਤ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਮੰਗ ਕੀਤੀ ਹੈ। ਮੇਅਰ ਟੌਮ ਡਾਇਸ ਨੇ ਕੌਂਸਲ ਦੀ ਤਰਫ਼ੋਂ ਫੈਡਰਲ ਸਿਹਤ ਮੰਤਰਾਲੇ ਨੂੰ ਇੱਕ ਰਸਮੀ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਾਲ 2027 ਵਿੱਚ ਇਸ ਕੇਂਦਰ ਦੇ ਨਵਿਆਉਣ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ।
ਮੇਅਰ ਵੱਲੋਂ ਜਾਰੀ ਇਸ ਪੱਤਰ ਵਿੱਚ ਹੈਲਥ ਕੈਨੇਡਾ ਨੂੰ 1649 ਪੈਂਡੋਸੀ ਸਟ੍ਰੀਟ ‘ਤੇ ਸਥਿਤ ਆਊਟਰੀਚ ਅਰਬਨ ਹੈਲਥ ਕੇਂਦਰ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਇਹ ਕੇਂਦਰ ਨਸ਼ੇ ਦੀ ਵਰਤੋਂ ਦੌਰਾਨ ਮੈਡੀਕਲ ਨਿਗਰਾਨੀ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ। ਪਰ ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹ ਸਾਈਟ ਹੁਣ ਆਮ ਲੋਕਾਂ ਅਤੇ ਵਪਾਰੀਆਂ ਲਈ ਗੰਭੀਰ ਸੁਰੱਖਿਆ ਖ਼ਤਰਾ ਬਣ ਚੁੱਕੀ ਹੈ।
ਪੱਤਰ ਅਨੁਸਾਰ ਸਾਲ 2021 ਵਿੱਚ ਇਸ ਸਾਈਟ ਦੇ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ ਆਰ.ਸੀ.ਐੱਮ.ਪੀ. ਨੂੰ ਇਸ ਖੇਤਰ ਵਿੱਚੋਂ 3,466 ਐਮਰਜੈਂਸੀ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚ ਗੈਂਗ ਗਤੀਵਿਧੀਆਂ, ਹਥਿਆਰਾਂ ਨਾਲ ਹਮਲੇ, ਨਸ਼ਾ ਤਸਕਰੀ, ਚੋਰੀ ਦਾ ਸਮਾਨ ਵੇਚਣਾ, ਅੱਗਜ਼ਨੀ ਅਤੇ ਓਵਰਡੋਜ਼ ਵਰਗੇ ਗੰਭੀਰ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਫਾਇਰ ਵਿਭਾਗ ਨੇ 371 ਮੈਡੀਕਲ ਕਾਲਾਂ ਅਤੇ ਬਾਈਲਾਅ ਵਿਭਾਗ ਨੇ 420 ਤੋਂ ਵੱਧ ਘਟਨਾਵਾਂ ‘ਤੇ ਕਾਰਵਾਈ ਕੀਤੀ ਹੈ।
ਡਾਊਨਟਾਊਨ ਕਲੋਨਾ ਐਸੋਸੀਏਸ਼ਨ ਦੇ 2023 ਦੇ ਇੱਕ ਸਰਵੇਖਣ ਵਿੱਚ 89 ਪ੍ਰਤੀਸ਼ਤ ਕਾਰੋਬਾਰੀਆਂ ਨੇ ਕਿਹਾ ਸੀ ਕਿ ਇਸ ਸਾਈਟ ਦਾ ਸ਼ਹਿਰ ਦੇ ਵਪਾਰਕ ਮਾਹੌਲ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਮੇਅਰ ਨੇ ਕਿਹਾ ਕਿ ਕੌਂਸਲ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀਆਂ ਸਿਹਤ ਲੋੜਾਂ ਨੂੰ ਸਮਝਦੀ ਹੈ, ਪਰ ਅਪਰਾਧ ਵਿੱਚ ਹੋ ਰਹੇ ਵਾਧੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕੌਂਸਲ ਨੇ ਬੀ.ਸੀ. ਸਰਕਾਰ ਨੂੰ ਓਕਾਨਾਗਨ ਖੇਤਰ ਵਿੱਚ ਇੱਕ ਖੇਤਰੀ ਲਾਜ਼ਮੀ ਦੇਖਭਾਲ ਕੇਂਦਰ ਸਥਾਪਤ ਕਰਨ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਓਕਾਨਾਗਨ ਵਿੱਚ ਨਸ਼ੀਲੇ ਪਦਾਰਥਾਂ ਕਾਰਨ 70 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇਕੱਲੇ ਕਲੋਨਾ ਸ਼ਹਿਰ ਵਿੱਚ 37 ਮੌਤਾਂ ਦਰਜ ਕੀਤੀਆਂ ਗਈਆਂ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ