12.6 C
Vancouver
Tuesday, October 6, 2026

ਹੈਲਮਕੇਨ ਸਟਰੀਟ ’ਤੇ ਸਰਕਾਰੀ ਕੇਂਦਰ ਬੰਦ ਹੋਣ ਨਾਲ ਗਲੀਆਂ ‘ਚ ਨਸ਼ਾਖ਼ੋਰੀ ਵਧਣ ਦਾ ਖ਼ਦਸ਼ਾ

ਵੈਨਕੂਵਰ: ਡਾਊਨਟਾਊਨ ਵੈਨਕੂਵਰ ਵਿੱਚ ਬੀਸੀ ਸਰਕਾਰ ਵੱਲੋਂ ਰੱਦ ਕੀਤੇ ਗਏ ਓਵਰਡੋਜ਼ ਪ੍ਰੀਵੈਂਸ਼ਨ ਸਾਈਟ (ਓਪੀਐੱਸ) ਪ੍ਰਾਜੈਕਟ ਤੋਂ ਬਾਅਦ ਇਲਾਕੇ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਿਹਤ ਮੰਤਰੀ ਰਵੀ ਕਾਹਲੋਂ ਵੱਲੋਂ 900 ਹੈਲਮਕੇਨ ਸਟਰੀਟ ਵਾਲੀ ਤਜਵੀਜ਼ ਨੂੰ ਰੱਦ ਕਰਨ ਦੇ ਕੁਝ ਹੀ ਦਿਨਾਂ ਬਾਅਦ, ਸਥਾਨਕ ਕਾਰੋਬਾਰੀਆਂ ਨੇ ਖਾਲੀ ਇਮਾਰਤ ਦੇ ਬਾਹਰ ਹਾਰਨਬੀ ਸਟਰੀਟ ‘ਤੇ ਆਰਜ਼ੀ ਟੇਬਲ ਲਗਾ ਕੇ ਨਸ਼ਾ ਰੋਕਥਾਮ ਸਮੱਗਰੀ ਵੰਡੇ ਜਾਣ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਸਥਾਨਕ ਸੈਲੂਨ ਮਾਲਕ ਡੇਨਿਸ ਮੀਕਲ ਨੇ ਕਿਹਾ ਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੀਆਂ ਸੇਵਾਵਾਂ ਦੇ ਖ਼ਿਲਾਫ਼ ਨਹੀਂ ਹਨ, ਪਰ ਨਸ਼ਾ ਕਰਨ ਤੋਂ ਬਾਅਦ ਸੜਕਾਂ ‘ਤੇ ਪੈਦਾ ਹੋਣ ਵਾਲੀ ਹਿੰਸਾ ਅਤੇ ਹਫੜਾ-ਦਫੜੀ ਆਮ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੀ ਹੈ। ਦੂਜੇ ਪਾਸੇ, ਨਜ਼ਦੀਕੀ ਹੋਟਲ ਦੇ ਵਸਨੀਕ ਜੇਨਸ ਪੀਟਰਸਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੇਂਦਰ ਬੰਦ ਕਰਨ ਕਾਰਨ ਲੋਕ ਮੁੜ ਗਲੀਆਂ ਵਿੱਚ ਨਸ਼ਾ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਨਿਗਰਾਨੀ ਹੇਠ ਸੁਰੱਖਿਅਤ ਥਾਂ ਦਿੱਤੀ ਜਾਵੇ ਤਾਂ ਲੋਕ ਸੜਕਾਂ ‘ਤੇ ਦਿਖਾਈ ਨਹੀਂ ਦੇਣਗੇ।
ਰੇਨ ਸਿਟੀ ਹਾਊਸਿੰਗ ਸੰਸਥਾ ਨੇ ਦੱਸਿਆ ਕਿ ਉਹ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇਸੇ ਦੌਰਾਨ ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਇਸ ਮਾਮਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਸੜਕਾਂ ‘ਤੇ ਇਸ ਤਰ੍ਹਾਂ ਗ਼ੈਰ-ਅਧਿਕਾਰਤ ਤੌਰ ‘ਤੇ ਟੇਬਲ ਲਗਾ ਕੇ ਸੇਵਾਵਾਂ ਚਲਾਉਣ ਨੂੰ ਪੂਰੀ ਤਰ੍ਹਾਂ ਅਣਉਚਿਤ ਅਤੇ ਨਿਰਾਸ਼ਾਜਨਕ ਕਰਾਰ ਦਿੱਤਾ ਹੈ।

ਰੁਝਾਨ ਖਬਰਾਂ