ਵੈਨਕੂਵਰ (ਏਕਜੋਤ ਸਿੰਘ): ਸਥਾਨਕ ਹਾਈਵੇਅ 1 ‘ਤੇ ਗੱਡੀ ਚਲਾਉਂਦੇ ਸਮੇਂ ਸੌਣ ਦੇ ਦੋਸ਼ ਹੇਠ ਮੇਪਲ ਰਿਜ ਨਾਲ ਸਬੰਧਤ 45 ਸਾਲਾ ਮਹਿਲਾ ਡਰਾਈਵਰ ਵਿਰੁੱਧ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਉਸ ਨੂੰ ਬਿਨਾਂ ਧਿਆਨ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ $368 ਦਾ ਟਿਕਟ ਜਾਰੀ ਕੀਤਾ ਹੈ।
ਬੀ.ਸੀ. ਹਾਈਵੇਅ ਪੈਟਰੋਲ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 11 ਅਗਸਤ ਨੂੰ ਦੁਪਹਿਰ ਲਗਭਗ 3:30 ਵਜੇ ਨੌਰਥ ਵੈਨਕੂਵਰ ਵਿੱਚ ਮਾਊਂਟੇਨ ਹਾਈਵੇਅ ਨੇੜੇ ਵਾਪਰੀ। ਉਸ ਸਮੇਂ ਹਾਈਵੇਅ 1 ਤੋਂ ਲੰਘ ਰਹੇ ਦੋ ਗਵਾਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਕ ਟੈਸਲਾ ਕਾਰ ਚਲਾ ਰਹੀ ਮਹਿਲਾ ਸਟੀਅਰਿੰਗ ਵੀਲ੍ਹ ਪਿੱਛੇ ਸੁੱਤੀ ਹੋਈ ਦਿਖਾਈ ਦੇ ਰਹੀ ਹੈ।
ਇਹ ਦੋਵੇਂ ਗਵਾਹ ਇੱਕੋ ਕਾਰ ਵਿੱਚ ਸਵਾਰ ਸਨ ਅਤੇ ਅਗਲੀ ਸੀਟ ‘ਤੇ ਬੈਠੇ ਮੁਸਾਫ਼ਰ ਨੇ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਮੋਬਾਈਲ ਫ਼ੋਨ ਵਿੱਚ ਰਿਕਾਰਡ ਕਰ ਲਈ ਸੀ। ਗਵਾਹਾਂ ਵੱਲੋਂ ਦਿੱਤੇ ਗਏ ਹੁਲੀਏ ਅਤੇ ਮੁਹੱਈਆ ਕਰਵਾਏ ਗਏ ਠੋਸ ਸਬੂਤਾਂ ਦੇ ਆਧਾਰ ‘ਤੇ ਬੀ.ਸੀ. ਹਾਈਵੇਅ ਪੈਟਰੋਲ ਨੇ ਗੱਡੀ ਦੇ ਰਜਿਸਟਰਡ ਮਾਲਕ ਦੀ ਪਛਾਣ ਕਰ ਲਈ। ਇਸ ਉਪਰੰਤ ਪੁਲਿਸ ਟੀਮ ਮੇਪਲ ਰਿਜ ਸਥਿਤ ਮਹਿਲਾ ਦੇ ਘਰ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 45 ਸਾਲਾ ਕਾਰ ਮਾਲਕ ਦਾ ਹੁਲੀਆ ਵੀਡੀਓ ਵਿੱਚ ਦਿਖਾਈ ਦੇ ਰਹੀ ਸ਼ੱਕੀ ਮਹਿਲਾ ਨਾਲ ਹੂਬਹੂ ਮੇਲ ਖਾਂਦਾ ਸੀ। ਇਸ ਪੁਸ਼ਟੀ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ $368 ਦਾ ਚਲਾਨ ਜਾਰੀ ਕਰ ਦਿੱਤਾ। ਬੀ.ਸੀ. ਹਾਈਵੇਅ ਪੈਟਰੋਲ ਦੇ ਸਾਰਜੈਂਟ ਮਾਈਕਲ ਮੈਕਲੌਫਲਿਨ ਨੇ ਇਸ ਘਟਨਾ ‘ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਪੁਲਿਸ ਕਿਸੇ ਵੀ ਸੁੱਤੇ ਹੋਏ ਡਰਾਈਵਰ ਨਾਲ ਸੈਲਫ਼ ਡਰਾਈਵਿੰਗ ਤਕਨੀਕ ਦੇ ਫ਼ਾਇਦਿਆਂ ਬਾਰੇ ਬਹਿਸ ਨਹੀਂ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਤਰ੍ਹਾਂ ਵਾਹਨ ਚਲਾਉਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਪੁਲਿਸ ਦਾ ਮੁੱਖ ਕੰਮ ਕਾਨੂੰਨ ਲਾਗੂ ਕਰਵਾ ਕੇ ਸੜਕਾਂ ਨੂੰ ਸੁਰੱਖਿਅਤ ਰੱਖਣਾ ਹੈ।
ਸਾਰਜੈਂਟ ਨੇ ਅੱਗੇ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਧਿਆਨ ਭਟਕਣਾ ਗੰਭੀਰ ਅਤੇ ਜਾਨਲੇਵਾ ਸੜਕ ਹਾਦਸਿਆਂ ਦਾ ਇੱਕ ਮੁੱਖ ਕਾਰਨ ਬਣਦਾ ਹੈ। ਸੂਬੇ ਦੀਆਂ ਸੜਕਾਂ ‘ਤੇ ਕਿਸੇ ਵੀ ਮੋਟਰ ਵਾਹਨ ਨੂੰ ਚਲਾਉਂਦੇ ਸਮੇਂ ਹਰੇਕ ਡਰਾਈਵਰ ਦਾ ਪੂਰੀ ਤਰ੍ਹਾਂ ਚੌਕਸ ਅਤੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। This report was written by Ekjot Singh as part of the Local Journalism Initiative.
ਹਾਈਵੇਅ 1 ‘ਤੇ ਚੱਲਦੀ ਟੈਸਲਾ ਕਾਰ ਵਿੱਚ ਸੌਂ ਰਹੀ ਮਹਿਲਾ ਡਰਾਈਵਰ ਦਾ $368 ਦਾ ਚਲਾਨ

