12.6 C
Vancouver
Tuesday, October 6, 2026

ਸੀਟ ਖਾਲੀ ਕਰਨ ਬਦਲੇ ਨੌਕਰੀ ਦੇਣ ਦੇ ਦੋਸ਼ਾਂ ‘ਚ ਘਿਰੀ ਕੈਰੀ ਲਿਨ ਫਿੰਡਲੇ, ਜਾਂਚ ਤੇਜ਼

ਵਿਧਾਇਕ ਇਆਨ ਪੈਟਨ ਦਾ ਦਾਅਵਾ, ਪੁਲਿਸ ਕਰ ਰਹੀ ਹੈ ਕੰਜ਼ਰਵੇਟਿਵ ਲੀਡਰਸ਼ਿਪ ਵਿਵਾਦ ਦੀ ਜਾਂਚ
ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਆਗੂ ਕੈਰੀ ਲਿਨ ਫਿੰਡਲੇ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਆਰ.ਸੀ.ਐੱਮ.ਪੀ. ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੈਲਟਾ ਸਾਊਥ ਦੇ ਵਿਧਾਇਕ ਇਆਨ ਪੈਟਨ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਪੈਟਨ ਦਾ ਦੋਸ਼ ਹੈ ਕਿ ਫਿੰਡਲੇ ਨੇ ਆਪਣੀ ਉਪ ਚੋਣ ਲੜਨ ਦਾ ਰਾਹ ਪੱਧਰਾ ਕਰਨ ਲਈ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਦਲੇ ਪਾਰਟੀ ਵਿੱਚ ਤਨਖ਼ਾਹ ਵਾਲੀ ਸਲਾਹਕਾਰ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਫਿੰਡਲੇ ਬਿਨਾਂ ਵਿਧਾਨ ਸਭਾ ਸੀਟ ਦੇ ਹੀ ਪਾਰਟੀ ਦੀ ਮੁਖੀ ਚੁਣੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਚੋਣ ਲੜਨ ਲਈ ਕਿਸੇ ਮੌਜੂਦਾ ਵਿਧਾਇਕ ਦੀ ਸੀਟ ਖਾਲੀ ਕਰਵਾਉਣ ਦੀ ਲੋੜ ਸੀ। ਇਸ ਵਿਵਾਦ ਨਾਲ ਜੁੜੀ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜੁਲਾਈ ਦੌਰਾਨ ਪੈਂਟਿਕਟਨ ਕਾਕਸ ਮੀਟਿੰਗ ਵਿੱਚ ਵਿਧਾਇਕਾਂ ਨੂੰ ਅਜਿਹੀਆਂ ਪੇਸ਼ਕਸ਼ਾਂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ ਫਿੰਡਲੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਆਮ ਸਿਆਸੀ ਵਿਚਾਰ-ਵਟਾਂਦਰਾ ਸੀ ਜੋ ਕਾਨੂੰਨ ਅਤੇ ਨੈਤਿਕਤਾ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਗਿਆ ਸੀ।
ਕੈਨੇਡਾ ਦੇ ਕ੍ਰਿਮੀਨਲ ਕੋਡ ਅਨੁਸਾਰ ਚੁਣੇ ਹੋਏ ਨੁਮਾਇੰਦੇ ਨੂੰ ਅਸਤੀਫ਼ਾ ਦੇਣ ਬਦਲੇ ਕਿਸੇ ਵੀ ਤਰ੍ਹਾਂ ਦਾ ਲਾਭ, ਇਨਾਮ ਜਾਂ ਨੌਕਰੀ ਦੇਣਾ ਗੈਰ-ਕਾਨੂੰਨੀ ਹੈ। ਪੈਟਨ ਅਨੁਸਾਰ ਉਨ੍ਹਾਂ ਨੂੰ $122,000 ਸਾਲਾਨਾ ਤਨਖ਼ਾਹ ਵਾਲੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤਾ ਸੀ। ਬਾਅਦ ਵਿੱਚ ਅਬੋਟਸਫੋਰਡ ਮਿਸ਼ਨ ਤੋਂ ਵਿਧਾਇਕ ਰੀਐਨ ਗੈਸਪਰ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੂੰ ਫਿੰਡਲੇ ਦੀ ਡਿਪਟੀ ਚੀਫ਼ ਆਫ਼ ਸਟਾਫ਼ ਨਿਯੁਕਤ ਕਰ ਦਿੱਤਾ ਗਿਆ ਸੀ। ਪੈਟਨ ਦਾ ਮੰਨਣਾ ਹੈ ਕਿ ਪੁਲਿਸ ਹੋਰਨਾਂ ਵਿਧਾਇਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਆਰ.ਸੀ.ਐੱਮ.ਪੀ. ਦੇ ਸਟਾਫ਼ ਸਾਰਜੈਂਟ ਕ੍ਰਿਸ ਕਲਾਰਕ ਨੇ ਕਿਹਾ ਕਿ ਪੁਲਿਸ ਨਿਯਮਾਂ ਅਨੁਸਾਰ ਦੋਸ਼ ਤੈਅ ਹੋਣ ਤੋਂ ਪਹਿਲਾਂ ਕਿਸੇ ਵੀ ਚੱਲ ਰਹੀ ਜਾਂਚ ਦੀ ਪੁਸ਼ਟੀ ਜਾਂ ਖੰਡਨ ਨਹੀਂ ਕਰਦੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ