12.6 C
Vancouver
Tuesday, October 6, 2026

ਸਰਹੱਦ ਪਾਰਲੇ ਅਪਰਾਧਾਂ ਨੂੰ ਨੱਥ ਪਾਉਣ ਲਈ ਬ੍ਰਿਟਿਸ਼ ਕੋਲੰਬੀਆ ਅਤੇ ਵਾਸ਼ਿੰਗਟਨ ਸੂਬੇ ਨੇ ਮਿਲਾਇਆ ਹੱਥ

ਜਬਰੀ ਵਸੂਲੀ ਅਤੇ ਨਸ਼ਾ ਤਸਕਰੀ ਵਿਰੁੱਧ ਪੁਲਿਸ ਚਲਾਏਗੀ ‘ਟਰੈਕ ਐਂਡ ਟਰੇਸ’ ਪਾਇਲਟ ਪ੍ਰਾਜੈਕਟ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਰਹੱਦ ਪਾਰੋਂ ਹੋਣ ਵਾਲੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਨਾਲ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਐਸਕੁਇਮਾਲਟ ਵਿਖੇ ਹੋਏ ਸਾਲਾਨਾ ਪੈਸੀਫਿਕ ਖੇਤਰੀ ਲਾਅ ਇਨਫੋਰਸਮੈਂਟ ਫੋਰਮ ਦੌਰਾਨ ਦੋਵਾਂ ਖੇਤਰਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਮਾਹਿਰਾਂ ਨੇ ਜਾਣਕਾਰੀ ਅਤੇ ਸੁਰੱਖਿਆ ਰਣਨੀਤੀਆਂ ਸਾਂਝੀਆਂ ਕੀਤੀਆਂ। ਬੀਸੀ ਦੀ ਜਨਤਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਅਪਰਾਧ ਦੀ ਕੋਈ ਸਰਹੱਦ ਨਹੀਂ ਹੁੰਦੀ ਅਤੇ ਵਾਸ਼ਿੰਗਟਨ ਸੂਬੇ ਨਾਲ ਸਹਿਯੋਗ ਕਰਕੇ ਅਪਰਾਧੀਆਂ ‘ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਭਾਈਵਾਲੀ ਸੰਗਠਿਤ ਅਪਰਾਧ, ਜਬਰੀ ਵਸੂਲੀ (ਐਕਸਟੌਰਸ਼ਨ) ਅਤੇ ਨਸ਼ਿਆਂ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਫੀਫਾ ਵਿਸ਼ਵ ਕੱਪ ਦੀ ਸੁਰੱਖਿਆ ਲਈ ਵੈਨਕੂਵਰ ਅਤੇ ਸਿਆਟਲ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵੀ ਅਨੁਭਵ ਸਾਂਝੇ ਕੀਤੇ ਗਏ।
ਇਸ ਮੌਕੇ ਜ਼ਹਿਰੀਲੇ ਨਸ਼ਿਆਂ ਦੇ ਸੰਕਟ ਨਾਲ ਨਜਿੱਠਣ ਲਈ ‘ਟਰੈਕ ਐਂਡ ਟਰੇਸ’ ਨਾਂ ਦਾ ਇੱਕ ਨਵਾਂ ਪਾਇਲਟ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ। ਇਸ ਤਹਿਤ ਆਧੁਨਿਕ ਡਿਜੀਟਲ ਤਕਨਾਲੋਜੀ ਅਤੇ ਲੈਬ ਰੋਬੋਟਿਕਸ ਦੀ ਮਦਦ ਨਾਲ ਸਿੰਥੈਟਿਕ ਨਸ਼ਿਆਂ ਦੀ ਸਪਲਾਈ ਚੇਨ ਦੀ ਪੈੜ ਨੱਪੀ ਜਾਵੇਗੀ। ਬੀਸੀ ਆਰਸੀਐੱਮਪੀ ਦੇ ਕਾਰਜਕਾਰੀ ਕਮਾਂਡਿੰਗ ਅਫ਼ਸਰ ਜੌਹਨ ਬਰੂਅਰ ਅਤੇ ਵਾਸ਼ਿੰਗਟਨ ਸਟੇਟ ਪੈਟਰੋਲ ਦੇ ਮੁਖੀ ਜੌਹਨ ਆਰ. ਬਾਤਿਸਤੇ ਨੇ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਦਾਨ-ਪ੍ਰਦਾਨ ਨਾਲ ਦੋਵਾਂ ਸਰਹੱਦਾਂ ‘ਤੇ ਵਸਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ