ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਆਈਲੈਂਡ ਸਥਿਤ ਪ੍ਰਸਿੱਧ ਜੁਆਨ ਡੀ ਫੂਕਾ ਟ੍ਰੇਲ ਦੇ ਚਿਨ ਬੀਚ ‘ਤੇ ਸੋਮਵਾਰ 1 ਸਤੰਬਰ ਨੂੰ ਬਚਾਅ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਇੱਕ 18 ਸਾਲਾ ਜ਼ਖ਼ਮੀ ਹਾਈਕਰ ਨੂੰ ਸੁਰੱਖਿਅਤ ਬਚਾ ਲਿਆ। ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਫਸੀ ਮੁਟਿਆਰ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਜੁਆਨ ਡੀ ਫੂਕਾ ਸਰਚ ਐਂਡ ਰੈਸਕਿਊ ਟੀਮ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਰਲੀ ਫਾਇਰ, ਨੌਰਥ ਸ਼ੋਰ ਰੈਸਕਿਊ, ਟੈਲਨ ਹੈਲੀਕਾਪਟਰਜ਼ ਅਤੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਤੁਰੰਤ ਮਿਲ ਕੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਸ ਟੀਮ ਵਿੱਚ ਐਮਰਜੈਂਸੀ ਰੂਮ ਦਾ ਇੱਕ ਮਾਹਿਰ ਡਾਕਟਰ ਵੀ ਸ਼ਾਮਲ ਸੀ ਤਾਂ ਜੋ ਮਰੀਜ਼ ਨੂੰ ਮੌਕੇ ‘ਤੇ ਹੀ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।
ਬਚਾਅ ਟੀਮਾਂ ਨੇ ਮੁਸ਼ਕਲ ਭੂਗੋਲਿਕ ਹਾਲਾਤਾਂ ਦੇ ਬਾਵਜੂਦ ਹੈਲੀਕਾਪਟਰ ਨੂੰ ਸਿੱਧਾ ਬੀਚ ‘ਤੇ ਉਤਾਰਿਆ। ਆਪਸੀ ਤਾਲਮੇਲ ਨਾਲ ਜ਼ਖ਼ਮੀ ਮੁਟਿਆਰ ਨੂੰ ਸਾਵਧਾਨੀਪੂਰਵਕ ਹੈਲੀਕਾਪਟਰ ਵਿੱਚ ਤਬਦੀਲ ਕੀਤਾ ਗਿਆ ਅਤੇ ਨਜ਼ਦੀਕੀ ਲੈਂਡਿੰਗ ਜ਼ੋਨ ਲਿਜਾ ਕੇ ਅਗਲੇਰੇ ਇਲਾਜ ਲਈ ਪੈਰਾਮੈਡਿਕਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਵੱਖ-ਵੱਖ ਏਜੰਸੀਆਂ ਵਿਚਕਾਰ ਸ਼ਾਨਦਾਰ ਟੀਮ ਵਰਕ ਅਤੇ ਤਾਲਮੇਲ ਦਾ ਨਮੂਨਾ ਦੱਸਿਆ ਹੈ।
ਕੁਦਰਤੀ ਰਸਤਿਆਂ ‘ਤੇ ਪਿਛਲੇ ਕੁਝ ਦਿਨਾਂ ਦੌਰਾਨ ਸਥਾਨਕ ਬਚਾਅ ਟੀਮਾਂ ਵੱਲੋਂ ਚਲਾਇਆ ਗਿਆ ਇਹ ਤੀਜਾ ਬਚਾਅ ਅਭਿਆਨ ਸੀ। ਇਸ ਤੋਂ ਪਹਿਲਾਂ 27 ਅਗਸਤ ਅਤੇ 30 ਅਗਸਤ ਨੂੰ ਵੀ ਲੱਤ ਦੀਆਂ ਸੱਟਾਂ ਦਾ ਸ਼ਿਕਾਰ ਹੋਏ ਹਾਈਕਰਾਂ ਨੂੰ ਬਚਾਇਆ ਗਿਆ ਸੀ।
ਬੀ.ਸੀ. ਸਰਚ ਐਂਡ ਰੈਸਕਿਊ ਐਸੋਸੀਏਸ਼ਨ ਅਨੁਸਾਰ ਸੂਬੇ ਵਿੱਚ ਹਾਈਕਿੰਗ ਦੌਰਾਨ ਫਿਸਲਣ ਅਤੇ ਡਿੱਗਣ ਕਾਰਨ ਲੱਗਣ ਵਾਲੀਆਂ ਸੱਟਾਂ ਬਚਾਅ ਮੁਹਿੰਮਾਂ ਦਾ ਮੁੱਖ ਕਾਰਨ ਬਣਦੀਆਂ ਹਨ। ਸੰਸਥਾ ਨੇ ਹਾਈਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ 10 ਜ਼ਰੂਰੀ ਵਸਤਾਂ ਜਿਵੇਂ ਕਿ ਟਾਰਚ, ਅੱਗ ਬਾਲਣ ਦਾ ਸਾਮਾਨ, ਸੀਟੀ, ਵਾਧੂ ਭੋਜਨ ਤੇ ਪਾਣੀ, ਗਰਮ ਕੱਪੜੇ, ਨੈਵੀਗੇਸ਼ਨ ਸੰਦ ਅਤੇ ਫਸਟ ਏਡ ਕਿੱਟ ਜ਼ਰੂਰ ਰੱਖਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। This report was written by Ekjot Singh as part of the Local Journalism Initiative.
ਵੈਨਕੂਵਰ ਆਈਲੈਂਡ ਨੇੜੇ ਹੈਲੀਕਾਪਟਰ ਰਾਹੀਂ ਜ਼ਖ਼ਮੀ ਹਾਈਕਰ ਨੂੰ ਸੁਰੱਖਿਅਤ ਬਚਾਇਆ

