12.6 C
Vancouver
Tuesday, October 6, 2026

ਵਿਸ਼ਵ ਦੇ ਸਭ ਤੋਂ ਸਮਾਰਟ ਸ਼ਹਿਰਾਂ ਦੀ ਸੂਚੀ ਜਾਰੀ, ਕੈਨੇਡਾ ਦੇ ਸਿਰਫ਼ 3 ਸ਼ਹਿਰ ਬਣਾ ਸਕੇ ਥਾਂ

ਟੋਰਾਂਟੋ 48ਵੇਂ ਅਤੇ ਵੈਨਕੂਵਰ 58ਵੇਂ ਸਥਾਨ ‘ਤੇ ਰਿਹਾ, ਮਾਂਟਰੀਅਲ 86ਵੇਂ ਨੰਬਰ ‘ਤੇ ਖਿਸਕਿਆ
ਵੈਨਕੂਵਰ (ਏਕਜੋਤ ਸਿੰਘ): ਇੰਟਰਨੈਸ਼ਨਲ ਇੰਸਟੀਚਿਊਟ ਫਾਰ ਮੈਨੇਜਮੈਂਟ ਡਿਵੈਲਪਮੈਂਟ (ਆਈਐੱਮਡੀ) ਵੱਲੋਂ ਜਾਰੀ ਕੀਤੇ ਗਏ ਸਮਾਰਟ ਸਿਟੀ ਇੰਡੈਕਸ 2026 ਅਨੁਸਾਰ ਦੁਨੀਆ ਭਰ ਦੇ 148 ਸ਼ਹਿਰਾਂ ਵਿੱਚੋਂ ਕੈਨੇਡਾ ਦੇ ਸਿਰਫ਼ 3 ਸ਼ਹਿਰ ਹੀ ਆਪਣੀ ਥਾਂ ਬਣਾ ਸਕੇ ਹਨ। ਇਸ ਸੂਚੀ ਵਿੱਚ ਕੈਨੇਡਾ ਵੱਲੋਂ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਸ਼ਾਮਲ ਹਨ। ਇਹ ਰੈਂਕਿੰਗ ਤਕਨਾਲੋਜੀ, ਬੁਨਿਆਦੀ ਢਾਂਚੇ, ਆਰਥਿਕ ਮਜ਼ਬੂਤੀ, ਜੀਵਨ ਪੱਧਰ ਅਤੇ ਨਾਗਰਿਕਾਂ ਦੇ ਅਨੁਭਵ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ, ਜਿਸ ਵਿੱਚ ਸ਼ਹਿਰਾਂ ਨੂੰ ਏਏਏ ਤੋਂ ਲੈ ਕੇ ਡੀ ਤੱਕ ਗ੍ਰੇਡ ਦਿੱਤੇ ਜਾਂਦੇ ਹਨ। ਟੋਰਾਂਟੋ ਨੇ ਪਿਛਲੇ ਸਾਲ ਦੇ ਮੁਕਾਬਲੇ ਵੱਡੀ ਛਲਾਂਗ ਮਾਰਦਿਆਂ 48ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ ਇਹ 63ਵੇਂ ਸਥਾਨ ‘ਤੇ ਸੀ। ਸ਼ਹਿਰ ਨੇ ਤਕਨਾਲੋਜੀ ਪੱਖੋਂ ਵਧੀਆ ਪ੍ਰਦਰਸ਼ਨ ਕਰਦਿਆਂ ਏ ਰੇਟਿੰਗ ਪ੍ਰਾਪਤ ਕੀਤੀ, ਹਾਲਾਂਕਿ 83.1 ਫ਼ੀਸਦੀ ਵਸਨੀਕਾਂ ਨੇ ਸਸਤੇ ਮਕਾਨਾਂ ਦੀ ਘਾਟ ਨੂੰ ਸਭ ਤੋਂ ਗੰਭੀਰ ਮੁੱਦਾ ਦੱਸਿਆ। ਵੈਨਕੂਵਰ ਇਸ ਸਾਲ 58ਵੇਂ ਸਥਾਨ ‘ਤੇ ਰਿਹਾ, ਜੋ ਕਿ ਸਾਲ 2021 ਵਿੱਚ 28ਵੇਂ ਸਥਾਨ ‘ਤੇ ਸੀ। ਵੈਨਕੂਵਰ ਦੇ 85.4 ਫ਼ੀਸਦੀ ਲੋਕਾਂ ਨੇ ਸਸਤੀ ਰਿਹਾਇਸ਼ ਅਤੇ 66.7 ਫ਼ੀਸਦੀ ਲੋਕਾਂ ਨੇ ਸਿਹਤ ਸੇਵਾਵਾਂ ਨੂੰ ਆਪਣੀ ਮੁੱਖ ਚਿੰਤਾ ਦੱਸਿਆ ਹੈ। ਮਾਂਟਰੀਅਲ 86ਵੇਂ ਨੰਬਰ ‘ਤੇ ਰਿਹਾ, ਜਿੱਥੇ ਆਵਾਜਾਈ ਜਾਮ ਅਤੇ ਸਿਹਤ ਸਹੂਲਤਾਂ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਸਵਿਟਜ਼ਰਲੈਂਡ ਦਾ ਸ਼ਹਿਰ ਜ਼ਿਊਰਿਖ ਦੁਨੀਆ ਭਰ ਵਿੱਚ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਨਾਰਵੇ ਦਾ ਓਸਲੋ ਦੂਜੇ ਅਤੇ ਜਨੇਵਾ ਤੀਜੇ ਸਥਾਨ ‘ਤੇ ਆਇਆ। ਲੰਡਨ ਚੌਥੇ ਅਤੇ ਕੋਪਨਹੇਗਨ ਪੰਜਵੇਂ ਸਥਾਨ ‘ਤੇ ਰਹੇ। ਰਿਪੋਰਟ ਦਰਸਾਉਂਦੀ ਹੈ ਕਿ ਡਿਜੀਟਲ ਸੇਵਾਵਾਂ ਅਤੇ ਆਨਲਾਈਨ ਸੁਵਿਧਾਵਾਂ ਵਿੱਚ ਕੈਨੇਡੀਅਨ ਸ਼ਹਿਰਾਂ ਦਾ ਪ੍ਰਦਰਸ਼ਨ ਤਸੱਲੀਬਖ਼ਸ਼ ਰਿਹਾ ਹੈ, ਪਰ ਰਿਹਾਇਸ਼ ਦੀਆਂ ਵਧਦੀਆਂ ਕੀਮਤਾਂ ਅਤੇ ਸੜਕੀ ਆਵਾਜਾਈ ਨਾਗਰਿਕਾਂ ਦੇ ਰਹਿਣ ਸਹਿਣ ਦੇ ਮਿਆਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ