12.6 C
Vancouver
Tuesday, October 6, 2026

ਵਿਕਟੋਰੀਆ ਵਿਖੇ ਹਿੰਦ-ਪ੍ਰਸ਼ਾਂਤ ਖੇਤਰ ਦੇ ਉੱਚ ਫ਼ੌਜੀ ਆਗੂਆਂ ਦਾ ਸੰਮੇਲਨ ਸ਼ੁਰੂ

ਸਾਂਝੀ ਸੁਰੱਖਿਆ ਮਜ਼ਬੂਤ ਕਰਨ ਲਈ 29 ਦੇਸ਼ਾਂ ਦੇ ਰੱਖਿਆ ਮੁਖੀ ਕੈਨੇਡਾ ਵਿੱਚ ਹੋਏ ਇਕੱਠੇ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੇ ਵਿਕਟੋਰੀਆ ਸ਼ਹਿਰ ਸਥਿਤ ਇਤਿਹਾਸਕ ਐਂਪ੍ਰੈਸ ਹੋਟਲ ਵਿਖੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਨਾਟੋ ਭਾਈਵਾਲ ਦੇਸ਼ਾਂ ਦੇ ਉੱਚ ਰੱਖਿਆ ਆਗੂਆਂ ਦਾ ਸਾਲਾਨਾ ਇਕੱਠ ਸ਼ੁਰੂ ਹੋਇਆ ਹੈ। ਸੋਮਵਾਰ 31 ਅਗਸਤ ਤੋਂ ਬੁੱਧਵਾਰ ਤੱਕ ਚੱਲਣ ਵਾਲੀ 28ਵੀਂ ਸਾਲਾਨਾ ਇੰਡੋ-ਪੈਸੀਫਿਕ ਚੀਫ਼ਸ ਆਫ਼ ਡਿਫੈਂਸ ਕਾਨਫਰੰਸ ਦੀ ਸਹਿ-ਮੇਜ਼ਬਾਨੀ ਕੈਨੇਡਾ ਅਤੇ ਅਮਰੀਕਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਇਸ ਸੰਮੇਲਨ ਵਿੱਚ ਵਿਸ਼ਵ ਦੇ 29 ਦੇਸ਼ਾਂ ਦੇ ਉੱਚ ਫ਼ੌਜੀ ਕਮਾਂਡਰ ਹਿੱਸਾ ਲੈ ਰਹੇ ਹਨ।
ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਦੇਸ਼ਾਂ ਦਾ ਭੂਗੋਲਿਕ ਖੇਤਰ ਅਤੇ ਫ਼ੌਜੀ ਸਮਰੱਥਾਵਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਆਪਣੇ ਲੋਕਾਂ ਦੀ ਰਾਖੀ ਕਰਨ, ਖੇਤਰੀ ਪ੍ਰਭੂਸੱਤਾ ਬਚਾਉਣ ਅਤੇ ਸ਼ਾਂਤੀ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਭ ਦੀ ਸਾਂਝੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਸ਼ਾਂਤੀ ਦੀ ਪਰਖ ਹੁੰਦੀ ਹੈ ਤਾਂ ਸਾਰੇ ਭਾਈਵਾਲਾਂ ਨੂੰ ਇਕੱਠੇ ਤਿਆਰ ਰਹਿਣਾ ਚਾਹੀਦਾ ਹੈ। ਸੰਮੇਲਨ ਵਿੱਚ ਫਰਾਂਸ ਅਤੇ ਜਾਪਾਨ ਵਰਗੇ ਕਰੀਬੀ ਸਹਿਯੋਗੀਆਂ ਦੇ ਨਾਲ-ਨਾਲ ਉਨ੍ਹਾਂ ਦੇਸ਼ਾਂ ਦੇ ਵਫ਼ਦ ਵੀ ਹਾਜ਼ਰ ਹਨ ਜਿਨ੍ਹਾਂ ਨਾਲ ਖੇਤਰੀ ਮੱਤਭੇਦ ਚੱਲ ਰਹੇ ਹਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਈਸਟਰਨ ਥੀਏਟਰ ਕਮਾਂਡ ਦੇ ਮੁਖੀ ਜਨਰਲ ਯਾਂਗ ਜ਼ੀਬਿਨ ਦੀ ਅਗਵਾਈ ਹੇਠ ਚੀਨੀ ਵਫ਼ਦ ਸ਼ਾਮਲ ਹੋਇਆ, ਜਦਕਿ ਅਮਰੀਕੀ ਵਫ਼ਦ ਦੀ ਅਗਵਾਈ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰ ਜਨਰਲ ਡੈਨ ਕੇਨ ਨੇ ਕੀਤੀ। ਅਮਰੀਕੀ ਜਨਰਲ ਨੇ ਸਾਂਝੀ ਸੁਰੱਖਿਆ ਨੂੰ ਮਜ਼ਬੂਤ ਕਰਨ, ਸੂਚਨਾਵਾਂ ਦੇ ਤੇਜ਼ ਆਦਾਨ-ਪ੍ਰਦਾਨ ਅਤੇ ਫ਼ੌਜੀ ਤਿਆਰੀਆਂ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਕੈਨੇਡਾ ਦੀ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਜੈਨੀ ਕੈਰੀਗਨਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੋ ਕੁਝ ਵੀ ਵਾਪਰਦਾ ਹੈ, ਉਸ ਦਾ ਅਸਰ ਸਿਰਫ਼ ਇਸ ਇਲਾਕੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪੂਰੇ ਵਿਸ਼ਵ ‘ਤੇ ਪੈਂਦਾ ਹੈ। ਸੰਮੇਲਨ ਦੌਰਾਨ ਨਕਲੀ ਬੌਧਿਕਤਾ (ਏ.ਆਈ.), ਲੀਡਰਸ਼ਿਪ ਅਤੇ ਬਹੁਪੱਖੀ ਸਹਿਯੋਗ ਬਾਰੇ ਕਈ ਵਰਕਸ਼ਾਪਾਂ ਅਤੇ ਬੰਦ ਕਮਰਾ ਬੈਠਕਾਂ ਕੀਤੀਆਂ ਗਈਆਂ ਤਾਂ ਜੋ ਮੌਜੂਦਾ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਦੌਰ ਵਿੱਚ ਆਪਸੀ ਤਾਲਮੇਲ ਵਧਾਇਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ