12.6 C
Vancouver
Tuesday, October 6, 2026

ਰੀਜਾਈਨਾ ਵਿੱਚ ਸ਼ੱਕੀ ਜ਼ਹਿਰੀਲੇ ਨਸ਼ੇ ਨੇ ਲਈ 3 ਲੋਕਾਂ ਦੀ ਜਾਨ, ਸਿਹਤ ਵਿਭਾਗ ਵੱਲੋਂ ਅਲਰਟ

ਕੋਕੀਨ ਅਤੇ ਫੈਂਟਾਨਿਲ ਦਾ ਖ਼ਤਰਨਾਕ ਮਿਸ਼ਰਣ ਹੋਣ ਦਾ ਖ਼ਦਸ਼ਾ, ਨਾਲੋਕਸੋਨ ਵੀ ਬੇਅਸਰ ਹੋਣ ਦਾ ਡਰ
ਵੈਨਕੂਵਰ (ਏਕਜੋਤ ਸਿੰਘ):
ਸਸਕੈਚਵਨ ਸੂਬੇ ਦੀ ਰਾਜਧਾਨੀ ਰੀਜਾਈਨਾ ਵਿੱਚ ਸ਼ਨੀਵਾਰ ਨੂੰ ਸ਼ੱਕੀ ਜ਼ਹਿਰੀਲੇ ਨਸ਼ੇ ਦੀ ਓਵਰਡੋਜ਼ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸਸਕੈਚਵਨ ਕੋਰੋਨਰਜ਼ ਸਰਵਿਸ ਵੱਲੋਂ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਸੂਬਾਈ ਸਿਹਤ ਮੰਤਰਾਲੇ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸ਼ਹਿਰ ਭਰ ਵਿੱਚ ਇੱਕ ਜਨਤਕ ਸਿਹਤ ਅਲਰਟ ਜਾਰੀ ਕਰ ਦਿੱਤਾ ਹੈ।
ਸਿਹਤ ਮੰਤਰਾਲੇ ਨੇ ਆਪਣੇ ਬੁਲੇਟਿਨ ਵਿੱਚ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਵਿੱਚ ਇੱਕ ਅਣਪਛਾਤਾ ਅਤੇ ਬੇਹੱਦ ਘਾਤਕ ਪਦਾਰਥ ਸਰਗਰਮ ਹੈ, ਜਿਸ ਕਾਰਨ ਓਵਰਡੋਜ਼ ਅਤੇ ਮੌਤਾਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ। ਅਧਿਕਾਰੀਆਂ ਅਨੁਸਾਰ ਘੱਟੋ-ਘੱਟ ਇੱਕ ਮਾਮਲੇ ਵਿੱਚ ਸ਼ਰਾਬ ਦੀ ਵਰਤੋਂ ਵੀ ਓਵਰਡੋਜ਼ ਦਾ ਕਾਰਨ ਬਣੀ ਹੋ ਸਕਦੀ ਹੈ। ਇਹ ਵਿਸ਼ੇਸ਼ ਅਲਰਟ 7 ਸਤੰਬਰ ਤੱਕ ਰੀਜਾਈਨਾ ਸ਼ਹਿਰ ਦੀ ਹੱਦ ਅੰਦਰ ਲਾਗੂ ਰਹੇਗਾ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਨਸ਼ੇ ਨੂੰ ਬਾਜ਼ਾਰ ਵਿੱਚ ਕਿਸ ਨਾਂ ਹੇਠ ਵੇਚਿਆ ਜਾ ਰਿਹਾ ਹੈ। ਪਰ ਮੁੱਢਲੀ ਜਾਣਕਾਰੀ ਅਨੁਸਾਰ ਇਸ ਨੂੰ ਕੋਕੀਨ ਜਾਂ ਫੈਂਟਾਨਿਲ ਦੱਸ ਕੇ ਵੇਚੇ ਜਾਣ ਦਾ ਸ਼ੱਕ ਹੈ। ਲੋਕ ਇਸ ਪਦਾਰਥ ਨੂੰ ਟੀਕੇ ਰਾਹੀਂ ਜਾਂ ਸੁੰਘ ਕੇ ਵਰਤ ਰਹੇ ਹਨ। ਇਸ ਸ਼ੱਕੀ ਪਦਾਰਥ ਨੂੰ ਇੱਕ ਧੁੰਦਲੇ ਤਰਲ ਦੇ ਰੂਪ ਵਿੱਚ ਦੇਖਿਆ ਗਿਆ ਹੈ, ਜਿਸ ਦੇ ਹੇਠਲੇ ਹਿੱਸੇ ਵਿੱਚ ਚਿੱਟਾ ਜਾਂ ਠੋਸ ਪਾਊਡਰ ਜੰਮਿਆ ਹੁੰਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਘਾਤਕ ਮਿਸ਼ਰਣ ਵਿੱਚ ਕੋਕੀਨ, ਫੈਂਟਾਨਿਲ ਅਤੇ ਅਲਕੋਹਲ ਸ਼ਾਮਲ ਹੋ ਸਕਦੇ ਹਨ। ਮੰਤਰਾਲੇ ਨੇ ਵਿਸ਼ੇਸ਼ ਤੌਰ ‘ਤੇ ਸੁਚੇਤ ਕੀਤਾ ਹੈ ਕਿ ਓਵਰਡੋਜ਼ ਨੂੰ ਠੀਕ ਕਰਨ ਵਾਲੀ ਦਵਾਈ ਨਾਲੋਕਸੋਨ ਸਿਰਫ਼ ਓਪੀਔਡਜ਼ ‘ਤੇ ਹੀ ਅਸਰ ਕਰਦੀ ਹੈ ਅਤੇ ਇਹ ਕੋਕੀਨ ਵਰਗੇ ਗੈਰ-ਓਪੀਔਡ ਨਸ਼ਿਆਂ ਦੇ ਜ਼ਹਿਰ ਨੂੰ ਰੋਕਣ ਵਿੱਚ ਕਾਰਗਰ ਸਾਬਤ ਨਹੀਂ ਹੁੰਦੀ। ਪ੍ਰਸ਼ਾਸਨ ਨੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਇਕੱਲੇ ਨਸ਼ਾ ਨਾ ਕਰਨ ਅਤੇ ਐਮਰਜੈਂਸੀ ਵੇਲੇ ਤੁਰੰਤ ਮੈਡੀਕਲ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ।

ਰੁਝਾਨ ਖਬਰਾਂ