14.1 C
Vancouver
Friday, October 9, 2026

ਮਲਾਕਵਾ ਨੇੜੇ ਹਾਈਵੇਅ 1 ’ਤੇ ਭਿਆਨਕ ਹਾਦਸਾ, ਟਰੱਕ ਅਤੇ ਕੈਂਪਰ ਟਰੇਲਰ ਵਿਚਾਲੇ ਟੱਕਰ

ਸਿਕਾਮਸ ਨੇੜੇ ਸੜਕ ਹਾਦਸੇ ਵਿੱਚ ਵਾਲ-ਵਾਲ ਬਚੇ ਲੋਕ, ਲਾਪਰਵਾਹੀ ਦਾ ਸ਼ੱਕ
ਵੈਨਕੂਵਰ (ਏਕਜੋਤ ਸਿੰਘ): ਸਿਕਾਮਸ ਨੇੜੇ ਹਾਈਵੇਅ 1 ‘ਤੇ ਮੰਗਲਵਾਰ ਦੁਪਹਿਰ ਵੇਲੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸੈਮੀ ਟਰੱਕ ਨੇ ਖੜ੍ਹੇ ਪਿਕਅੱਪ ਟਰੱਕ ਅਤੇ ਕੈਂਪਰ ਟਰੇਲਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ ‘ਤੇ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਗਈ।
ਸਿਕਾਮਸ ਆਰ.ਸੀ.ਐੱਮ.ਪੀ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਟੱਕਰ 1 ਸਤੰਬਰ ਨੂੰ ਸ਼ਾਮ 4 ਵਜੇ ਤੋਂ ਬਾਅਦ ਮਲਾਕਵਾ ਨੇੜੇ ਹਾਈਵੇਅ 1 ਦੇ ਚਾਰ-ਮਾਰਗੀ ਹਿੱਸੇ ਦੇ ਪੱਛਮੀ ਸਿਰੇ ‘ਤੇ ਹੋਈ। ਪੁਲਿਸ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਹਾਈਵੇਅ ਦੇ ਕੰਢੇ ਖੜ੍ਹਾ ਵੱਡਾ ਫਿਫਥ-ਵ੍ਹੀਲ ਟਰੇਲਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਅਤੇ ਉਸ ਨੂੰ ਖਿੱਚਣ ਵਾਲਾ ਭਾਰੀ ਪਿਕਅੱਪ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਪਿਕਅੱਪ ਟਰੱਕ ਵਿੱਚ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਡਰਾਈਵਰ ਨੇ ਗੱਡੀ ਅਤੇ ਟਰੇਲਰ ਨੂੰ ਸੜਕ ਦੇ ਕੰਢੇ ਸੁਰੱਖਿਅਤ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਪੱਛਮ ਵੱਲ ਜਾ ਰਿਹਾ ਇੱਕ ਤੇਜ਼ ਰਫ਼ਤਾਰ ਸੈਮੀ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਿਆ ਅਤੇ ਉਸ ਨੇ ਖੜ੍ਹੇ ਵਾਹਨਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੇਲਰ ਦੇ ਟੁਕੜੇ-ਟੁਕੜੇ ਹੋ ਗਏ।
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਇਸ ਹਾਦਸੇ ਦਾ ਕਾਰਨ ਨਹੀਂ ਸੀ, ਪਰ ਸੈਮੀ ਟਰੱਕ ਚਾਲਕ ਦੀ ਲਾਪਰਵਾਹੀ ਅਤੇ ਅਣਗਹਿਲੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪਿਕਅੱਪ ਟਰੱਕ ਵਿੱਚ ਮੌਜੂਦ ਦੋ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ, ਜਦਕਿ ਟਰੇਲਰ ਦੇ ਅੰਦਰ ਮੌਜੂਦ ਇੱਕ ਵਿਅਕਤੀ ਨੂੰ ਸੱਟਾਂ ਲੱਗੀਆਂ। ਹਾਲਾਂਕਿ ਇਹ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਜਾ ਰਹੀਆਂ।
ਹਾਦਸੇ ਕਾਰਨ ਹਾਈਵੇਅ ‘ਤੇ ਆਵਾਜਾਈ ਕੁਝ ਸਮੇਂ ਲਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਮੌਕੇ ‘ਤੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦਾ ਏਅਰ ਐਂਬੂਲੈਂਸ ਹੈਲੀਕਾਪਟਰ ਅਤੇ ਪੈਰਾਮੈਡਿਕਸ ਟੀਮਾਂ ਪਹੁੰਚੀਆਂ। ਸਾਰਜੈਂਟ ਮਰੇ ਮੈਕਨੀਲ ਨੇ ਕਿਹਾ ਕਿ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ