12.6 C
Vancouver
Tuesday, October 6, 2026

ਬ੍ਰਿਟਿਸ਼ ਕੋਲੰਬੀਆ ਦੇ ਅੰਗੂਰਾਂ ਦੇ ਬਾਗ਼ਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਲੱਭਿਆ ਕੁਦਰਤੀ ਹੱਲ

ਓਕਾਨਾਗਨ ਵੈਲੀ ਦੇ ਅੰਗੂਰ ਬਾਗ਼ਾਂ ਲਈ ਵਰਦਾਨ ਸਾਬਤ ਹੋਵੇਗੀ ਨਵੀਂ ਕੀਟ ਪ੍ਰਬੰਧਨ ਤਕਨੀਕ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਅੰਗੂਰਾਂ ਦੇ ਬਾਗ਼ਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਖ਼ਤਰਨਾਕ ਕੀੜੇ ‘ਕਲਾਈਮਬਿੰਗ ਕੱਟਵਰਮ’ ਦੀ ਰੋਕਥਾਮ ਲਈ ਖੋਜਕਰਤਾਵਾਂ ਨੇ ਇੱਕ ਟਿਕਾਊ ਅਤੇ ਵਾਤਾਵਰਣ ਪੱਖੀ ਹੱਲ ਤਲਾਸ਼ ਲਿਆ ਹੈ। ਕੁਆਂਟਲਨ ਪੋਲੀਟੈਕਨਿਕ ਯੂਨੀਵਰਸਿਟੀ (ਕੇਪੀਯੂ) ਦੇ ਇੰਸਟੀਚਿਊਟ ਫਾਰ ਸਸਟੇਨੇਬਲ ਹੌਰਟੀਕਲਚਰ ਅਤੇ ਐਂਡਰਮੈਟ ਕੈਨੇਡਾ ਦੀ ਅਗਵਾਈ ਹੇਠ ਕੀਤੇ ਗਏ ਤਿੰਨ ਸਾਲਾ ਅਧਿਐਨ ਦੌਰਾਨ ਪਰਜੀਵੀ ਭਰਿੰਡਾਂ (ਪੈਰਾਸਿਟੌਇਡ ਵਾਸਪਸ), ਨੇਮਾਟੋਡਸ ਅਤੇ ਫੰਗਸ ਦੇ ਮਿਸ਼ਰਣ ਨੂੰ ਇਸ ਸਮੱਸਿਆ ਦੇ ਸਫ਼ਲ ਹੱਲ ਵਜੋਂ ਪਛਾਣਿਆ ਗਿਆ ਹੈ।
ਕਲਾਈਮਬਿੰਗ ਕੱਟਵਰਮ ਅਸਲ ਵਿੱਚ ਵੱਖ-ਵੱਖ ਪਤੰਗਿਆਂ (ਮੋਥ) ਦੀ ਸੁੰਡੀ ਵਾਲੀ ਅਵਸਥਾ ਹੁੰਦੀ ਹੈ। ਇਹ ਕੀੜੇ ਵੇਲਾਂ ‘ਤੇ ਚੜ੍ਹ ਕੇ ਨਵੀਆਂ ਫੁੱਟ ਰਹੀਆਂ ਕਰੂੰਬਲਾਂ ਨੂੰ ਖਾ ਜਾਂਦੇ ਹਨ, ਜਿਸ ਕਾਰਨ ਫਲ ਦੀ ਗੁਣਵੱਤਾ ਅਤੇ ਪੈਦਾਵਾਰ ਦੋਵਾਂ ‘ਤੇ ਬੁਰਾ ਅਸਰ ਪੈਂਦਾ ਹੈ। ਬੀਸੀ ਵਾਈਨ ਗ੍ਰੇਪ ਕੌਂਸਲ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਅੰਗੂਰ ਉਤਪਾਦਕ ਖੇਤਰ ਓਕਾਨਾਗਨ ਵੈਲੀ ਵਿੱਚ ਇਸ ਕੀੜੇ ਦੀਆਂ ਮੌਜੂਦਾ ਸਮੇਂ 18 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਖੋਜਕਰਤਾ ਡਾ. ਸਪੀਦੇਹ ਤਹਿਰੀਰੀ ਅਦਾਬੀ ਅਨੁਸਾਰ ਬੀਸੀ ਵਿੱਚ ਜੈਵਿਕ ਅੰਗੂਰ ਉਤਪਾਦਕਾਂ ਕੋਲ ਹੁਣ ਤੱਕ ਕੋਈ ਵੀ ਰਜਿਸਟਰਡ ਜੈਵਿਕ ਕੀਟਨਾਸ਼ਕ ਮੌਜੂਦ ਨਹੀਂ ਸੀ। ਇਸ ਕਾਰਨ ਕਿਸਾਨ ਪੂਰੀ ਤਰ੍ਹਾਂ ਰਸਾਇਣਕ ਦਵਾਈਆਂ ‘ਤੇ ਨਿਰਭਰ ਸਨ, ਜਿਨ੍ਹਾਂ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਤੋਂ ਇਲਾਵਾ ਮਿੱਤਰ ਕੀੜਿਆਂ ਦੇ ਮਾਰੇ ਜਾਣ ਅਤੇ ਕੀੜਿਆਂ ਅੰਦਰ ਦਵਾਈਆਂ ਖ਼ਿਲਾਫ਼ ਰੋਧਕ ਸਮਰੱਥਾ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ।
ਇਸ ਖੋਜ ਦੌਰਾਨ ਲੈਬ ਅਤੇ ਖੇਤਾਂ ਵਿੱਚ 4 ਜੈਵਿਕ ਵਿਕਲਪਾਂ ਦੇ ਤਜਰਬੇ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੀ ਸਰਗਰਮ ਭੂਮਿਕਾ ਨਿਭਾਈ। ਵਿਗਿਆਨੀਆਂ ਨੇ ਪਾਇਆ ਕਿ ਕਿਸੇ ਇੱਕ ਸਾਧਨ ਦੀ ਥਾਂ ਕੀੜੇ ਦੇ ਵੱਖ-ਵੱਖ ਪੜਾਵਾਂ ਅਨੁਸਾਰ ਕਦਮ ਚੁੱਕਣਾ ਸਭ ਤੋਂ ਵੱਧ ਕਾਰਗਰ ਰਿਹਾ। ਅਗਸਤ ਦੇ ਅੱਧ ਤੋਂ ਸਤੰਬਰ ਦੇ ਅੱਧ ਤੱਕ ਪਰਜੀਵੀ ਭਰਿੰਡਾਂ ਨੇ ਕੀੜੇ ਦੇ ਆਂਡਿਆਂ ਨੂੰ ਨਸ਼ਟ ਕੀਤਾ। ਇਸ ਤੋਂ ਬਾਅਦ ਜੇਕਰ ਕੋਈ ਬਚਿਆ ਆਂਡਾ ਫੁੱਟ ਕੇ ਸੁੰਡੀ ਬਣਿਆ, ਤਾਂ ਸਤੰਬਰ ਤੋਂ ਅਕਤੂਬਰ ਦੇ ਸ਼ੁਰੂ ਤੱਕ ਨੇਮਾਟੋਡਸ ਅਤੇ ਫੰਗਸ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ।
ਡਾ. ਅਦਾਬੀ ਨੇ ਦੱਸਿਆ ਕਿ ਟਿਕਾਊ ਕੀਟ ਪ੍ਰਬੰਧਨ ਦਾ ਮਤਲਬ ਸਿਰਫ਼ ਉਤਪਾਦ ਬਦਲਣਾ ਨਹੀਂ, ਸਗੋਂ ਮੌਸਮ ਅਤੇ ਸਮੇਂ ਸਿਰ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਨੁਕਸਾਨ ਤੋਂ ਪਹਿਲਾਂ ਰੋਕਥਾਮ ਕਰਨਾ ਹੈ। ਇਹ ਖੋਜ ਆਉਣ ਵਾਲੇ ਸਮੇਂ ਵਿੱਚ ਨਵੇਂ ਜੈਵਿਕ ਕੀਟਨਾਸ਼ਕਾਂ ਦੇ ਵਪਾਰੀਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਖੇਤੀ ਵਿੱਚ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਘਟਾਉਣ ਵਿੱਚ ਵੱਡੀ ਭੂਮਿਕਾ ਨਿਭਾਏਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ