12.6 C
Vancouver
Tuesday, October 6, 2026

ਬੀ.ਸੀ. ਵਿੱਚ 2017 ਤੋਂ ਹੁਣ ਤੱਕ 250 ਸਕੂਲ ਪ੍ਰੋਜੈਕਟ ਮੁਕੰਮਲ

ਵਿਦਿਆਰਥੀਆਂ ਨੂੰ ਮਿਲਣਗੀਆਂ 4,700 ਨਵੀਆਂ ਸੀਟਾਂ, 51 ਹੋਰ ਸਕੂਲ ਪ੍ਰੋਜੈਕਟਾਂ ‘ਤੇ ਕੰਮ ਜਾਰੀ
ਵੈਨਕੂਵਰ (ਏਕਜੋਤ ਸਿੰਘ): ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੇ ਵੇਰਵੇ ਸਾਂਝੇ ਕੀਤੇ ਹਨ। ਸਰਕਾਰ ਅਨੁਸਾਰ ਸਾਲ 2017 ਵਿੱਚ ਐੱਨ.ਡੀ.ਪੀ. ਦੇ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਸੂਬੇ ਭਰ ਵਿੱਚ ਕੁੱਲ 250 ਸਕੂਲ ਪੂੰਜੀ ਪ੍ਰੋਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਆਧੁਨਿਕ ਵਿੱਦਿਅਕ ਮਾਹੌਲ ਮਿਲਿਆ ਹੈ।
ਮੰਗਲਵਾਰ 1 ਸਤੰਬਰ ਨੂੰ ਮੁੱਖ ਮੰਤਰੀ ਡੇਵਿਡ ਏਬੀ ਨੇ ਬਰਨਬੀ ਸਥਿਤ ਭੂਚਾਲ ਰੋਕੂ ਤਕਨੀਕ ਨਾਲ ਅਪਗ੍ਰੇਡ ਕੀਤੇ ਗਏ ਸਟ੍ਰਾਈਡ ਐਵੇਨਿਊ ਕਮਿਊਨਿਟੀ ਐਲੀਮੈਂਟਰੀ ਸਕੂਲ ਵਿਖੇ ਪਹੁੰਚ ਕੇ ਇਸ ਪ੍ਰਾਪਤੀ ਦਾ ਰਸਮੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਲੀਜ਼ਾ ਬੇਅਰ, ਬਰਨਬੀ ਈਸਟ ਤੋਂ ਵਿਧਾਇਕ ਰੋਹਿਣੀ ਅਰੋੜਾ, ਬਰਨਬੀ ਸਕੂਲ ਬੋਰਡ ਦੀ ਚੇਅਰ ਕ੍ਰਿਸਟਿਨ ਸ਼ਨਾਈਡਰ ਸਮੇਤ ਬਰਨਬੀ ਸਕੂਲ ਜ਼ਿਲ੍ਹੇ ਦੇ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਸਰਕਾਰ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਬਰਨਬੀ ਦਾ ਇਹ ਐਲੀਮੈਂਟਰੀ ਸਕੂਲ ਸੂਬੇ ਦਾ 250ਵਾਂ ਮੁਕੰਮਲ ਹੋਇਆ ਪ੍ਰੋਜੈਕਟ ਬਣ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਵਿਦਿਆਰਥੀਆਂ ਲਈ ਕੁੱਲ 4,700 ਨਵੀਆਂ ਸੀਟਾਂ ਦਾ ਪ੍ਰਬੰਧ ਹੋਇਆ ਹੈ।
ਸਰਕਾਰ ਨੇ ਦੱਸਿਆ ਕਿ ਆਗਾਮੀ ਵਿੱਦਿਅਕ ਵਰ੍ਹੇ ਲਈ 23 ਪ੍ਰੋਜੈਕਟ ਪੂਰੀ ਤਰ੍ਹਾਂ ਤਿਆਰ ਹਨ ਅਤੇ ਇਨ੍ਹਾਂ ਵਿੱਚ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਤਿਆਰ ਹੋਏ ਇਨ੍ਹਾਂ 23 ਪ੍ਰੋਜੈਕਟਾਂ ਵਿੱਚ 6 ਵੱਖ-ਵੱਖ ਭਾਈਚਾਰਿਆਂ ਅੰਦਰ ਬਣੇ 6 ਬਿਲਕੁਲ ਨਵੇਂ ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ 11 ਭਾਈਚਾਰਿਆਂ ਦੇ ਸਕੂਲਾਂ ਵਿੱਚ 14 ਨਵੇਂ ਵਿੰਗ ਜਾਂ ਇਮਾਰਤਾਂ ਜੋੜੀਆਂ ਗਈਆਂ ਹਨ, ਜਦਕਿ 3 ਖੇਤਰਾਂ ਵਿੱਚ ਭੂਚਾਲ ਸੁਰੱਖਿਆ ਮਾਪਦੰਡਾਂ ਅਨੁਸਾਰ 3 ਸਕੂਲਾਂ ਦਾ ਪੁਨਰ-ਨਿਰਮਾਣ ਕੀਤਾ ਗਿਆ ਹੈ। ਇਹ ਸਾਰੇ ਕਾਰਜ ਵਿਦਿਆਰਥੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ।
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਿੱਦਿਅਕ ਢਾਂਚੇ ਨੂੰ ਬਿਹਤਰ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਵੇਲੇ ਸੂਬੇ ਅੰਦਰ 51 ਹੋਰ ਸਕੂਲ ਪੂੰਜੀ ਪ੍ਰੋਜੈਕਟਾਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚ 13 ਨਵੇਂ ਸਕੂਲਾਂ ਦੀ ਉਸਾਰੀ, 27 ਸਕੂਲਾਂ ਦਾ ਵਿਸਥਾਰ, 10 ਸਕੂਲਾਂ ਨੂੰ ਭੂਚਾਲ ਰੋਕੂ ਬਣਾਉਣ ਲਈ ਅਪਗ੍ਰੇਡ ਕਰਨਾ ਅਤੇ 1 ਸਕੂਲ ਦਾ ਮੁਕੰਮਲ ਨਵੀਨੀਕਰਨ ਸ਼ਾਮਲ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ