12.6 C
Vancouver
Tuesday, October 6, 2026

ਤੇਲ ਕੀਮਤਾਂ ਤੋਂ ਜਨਤਾ ਨੂੰ ਰਾਹਤ, ਫੈਡਰਲ ਫਿਊਲ ਐਕਸਾਈਜ਼ ਟੈਕਸ ‘ਤੇ ਛੋਟ ਅਗਲੇ ਸਾਲ ਤੱਕ ਵਧੇਗੀ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੇ ਫੈਡਰਲ ਐਕਸਾਈਜ਼ ਟੈਕਸ ਦੀ ਮੁਅੱਤਲੀ ਨੂੰ ਘੱਟੋ-ਘੱਟ ਅਗਲੇ ਸਾਲ ਤੱਕ ਵਧਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਸਰਕਾਰੀ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਵਿੱਤ ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਓਟਾਵਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਰਾਹਤ ਸੰਬੰਧੀ ਰਸਮੀ ਐਲਾਨ ਕਰਨਗੇ। ਇਸ ਫੈਡਰਲ ਐਕਸਾਈਜ਼ ਟੈਕਸ ਦੇ ਤਹਿਤ ਗੈਸੋਲੀਨ ‘ਤੇ 10 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 4 ਸੈਂਟ ਪ੍ਰਤੀ ਲੀਟਰ ਟੈਕਸ ਲਗਾਇਆ ਜਾਂਦਾ ਹੈ। ਫੈਡਰਲ ਸਰਕਾਰ ਨੇ ਵਧਦੀ ਮਹਿੰਗਾਈ ਦੇ ਦਬਾਅ ਨੂੰ ਦੇਖਦਿਆਂ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਇਨ੍ਹਾਂ ਟੈਕਸਾਂ ਦੀ ਵਸੂਲੀ ‘ਤੇ ਆਰਜ਼ੀ ਰੋਕ ਲਗਾ ਦਿੱਤੀ ਸੀ। ਮੂਲ ਯੋਜਨਾ ਅਨੁਸਾਰ ਇਹ ਮੁਅੱਤਲੀ 8 ਸਤੰਬਰ ਨੂੰ ਖ਼ਤਮ ਹੋਣੀ ਸੀ, ਜਿਸ ਤੋਂ ਬਾਅਦ ਤੇਲ ਕੀਮਤਾਂ ਵਿੱਚ ਮੁੜ ਵਾਧਾ ਹੋਣ ਦਾ ਖ਼ਦਸ਼ਾ ਸੀ। ਪਰ ਮੌਜੂਦਾ ਸਮੇਂ ਦੌਰਾਨ ਈਰਾਨ ਜੰਗ ਵਿੱਚ ਵਧੀ ਹਿੰਸਾ ਅਤੇ ਨਵੇਂ ਸਿਰਿਓਂ ਭੜਕੇ ਟਕਰਾਅ ਕਾਰਨ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਰਿਹਾ ਹੈ। ਇਸ ਸੰਕਟ ਕਾਰਨ ਆਮ ਲੋਕਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪੈਣ ਦਾ ਖ਼ਤਰਾ ਬਣ ਗਿਆ ਹੈ, ਜਿਸ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਇਸ ਟੈਕਸ ਰਾਹਤ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਆਮ ਨਾਗਰਿਕਾਂ ਅਤੇ ਕਾਰੋਬਾਰੀਆਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ। ਸਿਆਸੀ ਪੱਧਰ ‘ਤੇ ਵੀ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਸੀ। ਫੈਡਰਲ ਕੰਜ਼ਰਵੇਟਿਵ ਪਾਰਟੀ ਪਿਛਲੇ ਕਈ ਹਫ਼ਤਿਆਂ ਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵਿਰੁੱਧ ਇੱਕ ਮੁਹਿੰਮ ਚਲਾ ਰਹੀ ਸੀ, ਜਿਸ ਵਿੱਚ ਲੇਬਰ ਡੇਅ ਮੌਕੇ ਗੈਸ ਟੈਕਸ ਵਾਧੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਵਿਰੋਧੀ ਧਿਰ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਅਤੇ ਸੰਸਦ ਵਿੱਚ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ। ਹੁਣ ਸਰਕਾਰ ਵੱਲੋਂ ਇਸ ਛੋਟ ਦੀ ਮਿਆਦ ਵਧਾਏ ਜਾਣ ਨਾਲ ਖ਼ਪਤਕਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ