12.6 C
Vancouver
Tuesday, October 6, 2026

ਗੈਸ ਰਾਇਲਟੀ ਹਿਸਾਬ-ਕਿਤਾਬ ਵਿੱਚ ਗ਼ਲਤੀ ਦਾ ਖੁਲਾਸਾ, ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੁਦਰਤੀ ਗੈਸ ਰਾਇਲਟੀ ਦੇ ਹਿਸਾਬ-ਕਿਤਾਬ ਵਿੱਚ ਹੋਈ $1.5 ਬਿਲੀਅਨ ਦੀ ਵੱਡੀ ਗੜਬੜੀ ਲਈ ਕੰਪਿਊਟਰ ਸਪਰੈੱਡਸ਼ੀਟ ਦੀ ਗ਼ਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੁੱਖ ਮੰਤਰੀ ਡੇਵਿਡ ਏਬੀ ਨੇ ਇਸ ਸਥਿਤੀ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਘਟਨਾਕ੍ਰਮ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹਨ।
ਮੰਤਰਾਲੇ ਦੇ ਅਧਿਕਾਰੀਆਂ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਇਹ ਗ਼ਲਤੀ ਕਰੰਸੀ ਪਰਿਵਰਤਨ ਦੌਰਾਨ ਹੋਈ। ਸਪਰੈੱਡਸ਼ੀਟ ਵਿੱਚ ਕੈਨੇਡੀਅਨ ਡਾਲਰਾਂ ਨੂੰ ਗ਼ਲਤੀ ਨਾਲ ਅਮਰੀਕੀ ਡਾਲਰ ਸਮਝ ਲਿਆ ਗਿਆ ਅਤੇ ਬੇਲੋੜੀ ਤਬਦੀਲੀ ਕਰ ਦਿੱਤੀ ਗਈ। ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇੱਕ ਮਨੁੱਖੀ ਭੁੱਲ ਸੀ, ਜਿਸ ਕਾਰਨ ਮਾਲੀਏ ਦਾ ਅਨੁਮਾਨ ਬਹੁਤ ਜ਼ਿਆਦਾ ਲੱਗ ਗਿਆ ਸੀ।
ਇਸ ਮਨੁੱਖੀ ਗ਼ਲਤੀ ਕਾਰਨ ਸੂਬਾ ਸਰਕਾਰ ਨੂੰ ਮੌਜੂਦਾ ਸਾਲ ਅਤੇ ਅਗਲੇ 4 ਸਾਲਾਂ ਦੌਰਾਨ ਆਪਣੇ ਸਾਲਾਨਾ ਮਾਲੀਏ ਵਿੱਚੋਂ ਲਗਭਗ $300 ਮਿਲੀਅਨ ਪ੍ਰਤੀ ਸਾਲ ਘਟਾਉਣੇ ਪੈਣਗੇ। ਇਸ ਤਰ੍ਹਾਂ ਕੁੱਲ ਮਿਲਾ ਕੇ ਸਰਕਾਰੀ ਖ਼ਜ਼ਾਨੇ ਦੇ ਅਨੁਮਾਨਾਂ ਵਿੱਚ ਲਗਭਗ $1.462 ਬਿਲੀਅਨ ਦੀ ਕਟੌਤੀ ਕਰਨੀ ਪਵੇਗੀ। ਇਹ ਰਾਇਲਟੀ ਸੂਬੇ ਦੀਆਂ ਜਨਤਕ ਜ਼ਮੀਨਾਂ ਤੋਂ ਕੱਢੀ ਜਾਣ ਵਾਲੀ ਗੈਸ ਦੇ ਮੁਨਾਫ਼ੇ ਵਿੱਚੋਂ ਵਸੂਲੀ ਜਾਂਦੀ ਹੈ।
ਇਸ ਗ਼ਲਤੀ ਦਾ ਖੁਲਾਸਾ ਸਭ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਟਰੀਟੀ 8 ਫਸਟ ਨੇਸ਼ਨਜ਼ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਰਾਹੀਂ ਹੋਇਆ ਸੀ। ਫਸਟ ਨੇਸ਼ਨਜ਼ ਗਰੁੱਪ ਨੇ ਦੋਸ਼ ਲਾਇਆ ਸੀ ਕਿ ਸਰਕਾਰ ਟਰਾਂਸਪੋਰਟੇਸ਼ਨ ਖ਼ਰਚਿਆਂ ਨੂੰ ਜੋੜਨ ਵਿੱਚ ਨਾਕਾਮ ਰਹੀ ਹੈ ਅਤੇ ਸਰਕਾਰ ਗ਼ਲਤੀ ‘ਤੇ ਗ਼ਲਤੀ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ 1 ਜਨਵਰੀ 2027 ਤੋਂ ਲਾਗੂ ਹੋਣ ਵਾਲਾ ਨਵਾਂ ਰਾਇਲਟੀ ਢਾਂਚਾ ਵੀ ਤਰੁੱਟੀਆਂ ਨਾਲ ਭਰਪੂਰ ਹੈ।
ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੁਤੰਤਰ ਮਾਹਿਰਾਂ ਦੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਖ਼ਾਮੀ ਕਰੰਸੀ ਤਬਦੀਲੀ ਦੀ ਹੀ ਸੀ। ਦੂਜੇ ਪਾਸੇ ਟਰੀਟੀ 8 ਦੇ ਵਕੀਲ ਜੇਮਜ਼ ਟੇਟ ਨੇ ਕਿਹਾ ਕਿ ਉਨ੍ਹਾਂ ਦੇ ਤਕਨੀਕੀ ਮਾਹਿਰ ਸਰਕਾਰ ਦੇ ਜਵਾਬ ਦੀ ਸਮੀਖਿਆ ਕਰ ਰਹੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ