12.6 C
Vancouver
Tuesday, October 6, 2026

ਕੰਜ਼ਰਵੇਟਿਵ ਪਾਰਟੀ ਵਿੱਚ ਫੁੱਟ ਦਰਮਿਆਨ ਬੀ.ਸੀ. ਐੱਨ.ਡੀ.ਪੀ. ਪਤਝੜ ਸੈਸ਼ਨ ਦੀਆਂ ਤਿਆਰੀਆਂ ’ਚ ਜੁਟੀ

ਬੀ.ਸੀ. ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਦੇ ਸੰਕੇਤ ਸਬੰਧੀ ਮੁੱਖ ਮੰਤਰੀ ਡੇਵਿਡ ਏਬੀ ਨੇ ਨਹੀਂ ਕੀਤਾ ਿੲਨਕਾਰ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਏਬੀ ਨੇ ਸੂਬੇ ਵਿੱਚ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇਹ ਸਿਆਸੀ ਹਲਚਲ ਵਿਰੋਧੀ ਧਿਰ ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਪਏ ਵੱਡੇ ਪਾੜੇ ਅਤੇ ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡਣ ਦੇ ਪਿਛੋਕੜ ਵਿੱਚ ਤੇਜ਼ ਹੋਈ ਹੈ।
ਬਰਨਬੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਮੁੱਖ ਮੰਤਰੀ ਕੋਲੋਂ ਅਚਨਚੇਤ ਚੋਣਾਂ ਬਾਰੇ ਸਪੱਸ਼ਟ ‘ਹਾਂ ਜਾਂ ਨਾਂਹ’ ਵਿੱਚ ਜਵਾਬ ਮੰਗਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਪਤਝੜ ਸੈਸ਼ਨ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਕੰਜ਼ਰਵੇਟਿਵ ਪਾਰਟੀ ਇਸ ਵੇਲੇ ਗੰਭੀਰ ਅੰਦਰੂਨੀ ਸੰਕਟ ਵਿੱਚੋਂ ਲੰਘ ਰਹੀ ਹੈ, ਜਦਕਿ ਐੱਨ.ਡੀ.ਪੀ. ਦਾ ਪੂਰਾ ਧਿਆਨ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ‘ਤੇ ਕੇਂਦਰਿਤ ਹੈ।
ਅਗਸਤ ਮਹੀਨੇ ਦੌਰਾਨ ਨਵੀਂ ਆਗੂ ਕੈਰੀ ਲਿਨ ਫਿੰਡਲੇ ਨਾਲ ਮੱਤਭੇਦਾਂ ਕਾਰਨ ਕੰਜ਼ਰਵੇਟਿਵ ਪਾਰਟੀ ਦੇ 7 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ। 2024 ਦੀਆਂ ਆਮ ਚੋਣਾਂ ਵਿੱਚ ਜਿੱਤੇ 44 ਵਿਧਾਇਕਾਂ ਵਿੱਚੋਂ ਹੁਣ ਪਾਰਟੀ ਕੋਲ 14 ਵਿਧਾਇਕ ਘੱਟ ਹੋ ਚੁੱਕੇ ਹਨ। ਇਨ੍ਹਾਂ ਵਿੱਚ ਅਬੋਟਸਫੋਰਡ ਮਿਸ਼ਨ ਤੋਂ ਵਿਧਾਇਕ ਰੀਐਨ ਗੈਸਪਰ ਵੀ ਸ਼ਾਮਲ ਸੀ, ਜਿਸ ਨੇ ਫਿੰਡਲੇ ਲਈ ਸੀਟ ਖਾਲੀ ਕਰਨ ਵਾਸਤੇ 22 ਅਗਸਤ ਨੂੰ ਅਸਤੀਫ਼ਾ ਦੇ ਦਿੱਤਾ ਸੀ।
ਮੁੱਖ ਮੰਤਰੀ ਏਬੀ ਨੇ ਅਬੋਟਸਫੋਰਡ ਮਿਸ਼ਨ ਹਲਕੇ ਵਿੱਚ ਤੁਰੰਤ ਉਪ ਚੋਣ ਦਾ ਐਲਾਨ ਕਰਦਿਆਂ ਵੋਟਾਂ ਦੀ ਤਾਰੀਖ਼ ਸ਼ਨੀਵਾਰ 26 ਸਤੰਬਰ ਤੈਅ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਵਿਧਾਇਕ ਗੈਸਪਰ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਲਾਕੇ ਦੇ ਲੋਕ ਇੱਕ ਤਜਰਬੇਕਾਰ ਨੁਮਾਇੰਦੇ ਦੇ ਹੱਕਦਾਰ ਹਨ। ਇਸ ਉਪ ਚੋਣ ਵਿੱਚ ਕੰਜ਼ਰਵੇਟਿਵ ਆਗੂ ਫਿੰਡਲੇ ਦੇ ਖ਼ਿਲਾਫ਼ ਐੱਨ.ਡੀ.ਪੀ. ਵੱਲੋਂ ਪੈਮ ਅਲੈਕਸਿਸ ਚੋਣ ਮੈਦਾਨ ਵਿੱਚ ਉਤਰੇਗੀ। ਅਲੈਕਸਿਸ ਇਸ ਸੀਟ ਤੋਂ ਪਹਿਲਾਂ ਵੀ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਰਹਿ ਚੁੱਕੀ ਹੈ ਅਤੇ ਉਹ ਮਿਸ਼ਨ ਸ਼ਹਿਰ ਦੀ ਸਾਬਕਾ ਮੇਅਰ ਵੀ ਰਹੀ ਹੈ। ਇਸ ਕਾਰਨ 26 ਸਤੰਬਰ ਨੂੰ ਹੋਣ ਵਾਲੀ ਇਹ ਚੋਣ ਬਹੁਤ ਦਿਲਚਸਪ ਹੋਣ ਦੀ ਉਮੀਦ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ