ਵੈਨਕੂਵਰ (ਏਕਜੋਤ ਸਿੰਘ): ਕੈਲਗਰੀ ਦੇ ਉੱਤਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਫੈਡਰਲ ਸਰਕਾਰ ਨੇ ਇੱਕ ਬੁਨਿਆਦੀ ਢਾਂਚਾ ਪ੍ਰੋਜੈਕਟ ਲਈ $29 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਕੈਲਗਰੀ ਕਨਫੈਡਰੇਸ਼ਨ ਤੋਂ ਲਿਬਰਲ ਐਮ.ਪੀ. ਅਤੇ ਸੰਸਦੀ ਸਕੱਤਰ ਕੋਰੀ ਹੋਗਨ ਨੇ ਮੰਗਲਵਾਰ ਨੂੰ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਇਸ ਪ੍ਰੋਜੈਕਟ ਦੀ ਰਸਮੀ ਜਾਣਕਾਰੀ ਸਾਂਝੀ ਕੀਤੀ। ਹੋਗਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਰ ਦੀ ਟੂਟੀ ਚਲਾ ਕੇ ਸਾਫ਼ ਪਾਣੀ ਹਾਸਲ ਕਰਨਾ ਆਧੁਨਿਕ ਜੀਵਨ ਦੀ ਇੱਕ ਵੱਡੀ ਸਹੂਲਤ ਹੈ, ਜਿਸ ਨੂੰ ਅਸੀਂ ਆਮ ਤੌਰ ‘ਤੇ ਬਹੁਤ ਸਾਧਾਰਨ ਸਮਝਦੇ ਹਾਂ। ਪਰ ਕੈਲਗਰੀ ਵਾਸੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦੋਂ ਪਾਣੀ ਦੀ ਉਪਲਬਧਤਾ ‘ਤੇ ਸੰਕਟ ਆਉਂਦਾ ਹੈ ਤਾਂ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੈ। ਫੈਡਰਲ ਸਰਕਾਰ ਵੱਲੋਂ ਇਹ ਵਿੱਤੀ ਸਹਾਇਤਾ ‘ਬਿਲਡ ਕਮਿਊਨਿਟੀਜ਼ ਸਟ੍ਰੌਂਗ ਫੰਡ’ ਵਿੱਚੋਂ ਦਿੱਤੀ ਜਾ ਰਹੀ ਹੈ। ਇਹ ਰਾਸ਼ੀ ਨੌਰਥ ਕੈਲਗਰੀ ਵਾਟਰ ਸਰਵਿਸਿੰਗ ਪ੍ਰੋਜੈਕਟ ਦੇ ਪਹਿਲੇ ਪੜਾਅ ‘ਤੇ ਖ਼ਰਚ ਕੀਤੀ ਜਾਵੇਗੀ, ਜਿਸ ਦਾ ਨਿਰਮਾਣ ਕਾਰਜ ਪਿਛਲੀ ਪਤਝੜ ਵਿੱਚ ਉੱਤਰ-ਪੱਛਮੀ ਕੈਲਗਰੀ ਵਿੱਚ ਸ਼ੁਰੂ ਹੋ ਚੁੱਕਾ ਹੈ। ਪਹਿਲੇ ਪੜਾਅ ਵਿੱਚ ਕਈ ਕਿਲੋਮੀਟਰ ਲੰਮੀ ਨਵੀਂ ਫੀਡਰ ਮੇਨ ਲਾਈਨ ਵਿਛਾਈ ਜਾਵੇਗੀ ਅਤੇ ਟੌਪ ਹਿੱਲ ਰਿਜ਼ਰਵਾਇਰ, ਬਿਗ ਹਿੱਲ ਈਸਟ ਰਿਜ਼ਰਵਾਇਰ ਅਤੇ ਮਾਊਂਟੇਨ ਵਿਊ ਪੰਪ ਸਟੇਸ਼ਨ ਵਰਗੀਆਂ ਮੌਜੂਦਾ ਸਹੂਲਤਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਨਗਰ ਨਿਗਮ ਦੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਜਨਰਲ ਮੈਨੇਜਰ ਮਾਈਕਲ ਥੌਮਸਨ ਨੇ ਦੱਸਿਆ ਕਿ ਇਹ ਪ੍ਰਣਾਲੀ ਅਗਲੇ ਸਾਲ ਚਾਲੂ ਹੋ ਜਾਵੇਗੀ। ਇਸ ਨਾਲ ਬੇਅਰਸਪੌਅ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ 30 ਮਿਲੀਅਨ ਲੀਟਰ ਵਾਧੂ ਪਾਣੀ ਮਿਲੇਗਾ। ਇਸ ਪੂਰੇ ਪ੍ਰੋਜੈਕਟ ਦਾ ਕੁੱਲ ਬਜਟ $533 ਮਿਲੀਅਨ ਹੈ, ਜਿਸ ਵਿੱਚੋਂ ਪਹਿਲੇ ਗੇੜ ‘ਤੇ $123 ਮਿਲੀਅਨ ਦੀ ਲਾਗਤ ਆਵੇਗੀ ਅਤੇ ਇਸ ਵਿੱਚ ਸ਼ਹਿਰ ਦਾ ਹਿੱਸਾ $94 ਮਿਲੀਅਨ ਹੋਵੇਗਾ।
ਸਾਲ 2029 ਤੱਕ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ, ਜਿਸ ਦੀ ਕੁੱਲ ਲੰਬਾਈ 22 ਕਿਲੋਮੀਟਰ ਹੋਵੇਗੀ। ਇਸ ਨਾਲ ਸ਼ਹਿਰ ਦੇ ਉੱਤਰੀ ਖੇਤਰਾਂ ਨੂੰ ਰੋਜ਼ਾਨਾ 100 ਮਿਲੀਅਨ ਲੀਟਰ ਸਾਫ਼ ਪਾਣੀ ਮਿਲੇਗਾ, ਜਿਸ ਨੂੰ ਭਵਿੱਖ ਵਿੱਚ ਵਧਾ ਕੇ 400 ਮਿਲੀਅਨ ਲੀਟਰ ਤੱਕ ਕੀਤਾ ਜਾ ਸਕੇਗਾ।
ਕੈਲਗਰੀ ਵਿੱਚ ਪਾਣੀ ਦੇ ਵੱਡੇ ਪ੍ਰੋਜੈਕਟ ਲਈ ਫੈਡਰਲ ਸਰਕਾਰ ਵੱਲੋਂ $29 ਮਿਲੀਅਨ ਦਾ ਐਲਾਨ

