12.6 C
Vancouver
Tuesday, October 6, 2026

ਕੈਨੇਡੀਅਨ ਸੀਨੀਅਰਾਂ ਦੀ ਵਿੱਤੀ ਸੁਰੱਖਿਆ, ਪੈਨਸ਼ਨਾਂ ਵਿੱਚ ਵਾਧੇ ਅਤੇ ਬਿਹਤਰ ਮੈਡੀਕਲ ਸਹੂਲਤਾਂ ਲਈ ਦੇਸ਼-ਵਿਆਪੀ ਇਕਜੁੱਟਤਾ ਦੀ ਅਪੀਲ

ਜਗਰੂਪ ਸਿੰਘ ਖੇੜਾ : ਕੈਨੇਡਾ ਵਿੱਚ ਸੀਨੀਅਰ ਨਾਗਰਿਕਾਂ ਦੀ ਵਿੱਤੀ ਸੁਰੱਖਿਆ, ਆਰਥਿਕ ਸਥਿਰਤਾ, ਪੈਨਸ਼ਨਾਂ ਵਿੱਚ ਵਾਧੇ, ਟੈਕਸ ਰਾਹਤ ਅਤੇ ਬਿਹਤਰ ਸਿਹਤ ਸਹੂਲਤਾਂ ਨਾਲ ਸਬੰਧਤ ਮਹੱਤਵਪੂਰਨ ਮਸਲਿਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਸੀਨੀਅਰ ਸੰਸਥਾਵਾਂ ਵੱਲੋਂ ਇੱਕ ਸਾਂਝੀ ਅਤੇ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕਰਨ ਦੀ ਪਹਿਲ ਕੀਤੀ ਗਈ ਹੈ।
ਇਸ ਸਬੰਧੀ Indo Canadian Senior Centre, Surrey-Delta ਦੀ ਮਹੀਨਾਵਾਰ ਮੀਟਿੰਗ ਐਤਵਾਰ, 30 ਅਗਸਤ 2026 ਨੂੰ ਸਰੀ ਵਿਖੇ ਹੋਈ। ਸੰਸਥਾ ਵੱਲੋਂ ਹਰ ਮਹੀਨੇ ਦਾ ਆਖਰੀ ਐਤਵਾਰ ਕਵੀ ਦਰਬਾਰ ਵਜੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਸੀਨੀਅਰ ਸਾਥੀ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ।
ਲਗਾਤਾਰ ਪਿਛਲੇ 14 ਸਾਲਾਂ ਤੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰਦਾਰ ਹਰਚੰਦ ਸਿੰਘ ਗਿੱਲ ਬਿਨਾਂ ਕਿਸੇ ਪੱਖਪਾਤ ਦੇ ਬੜੀ ਨਿਭਾਅ ਅਤੇ ਸਮਰਪਣ ਭਾਵਨਾ ਨਾਲ ਨਿਭਾ ਰਹੇ ਹਨ।
ਇਸ ਮੌਕੇ ਕੈਨੇਡੀਅਨ ਸੀਨੀਅਰਾਂ ਦੀ ਵਿੱਤੀ ਸੁਰੱਖਿਆ ਅਤੇ ਭਲਾਈ ਨਾਲ ਸਬੰਧਤ ਇੱਕ ਵਿਸਤ੍ਰਿਤ ਮੰਗ ਪੱਤਰ ਸਰਦਾਰ ਜਗਰੂਪ ਸਿੰਘ ਖੇੜਾ ਵੱਲੋਂ ਮੀਟਿੰਗ ਵਿੱਚ ਪੜ੍ਹ ਕੇ ਸੁਣਾਇਆ ਗਿਆ। ਹਾਜ਼ਰ ਮੈਂਬਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਮੰਗ ਪੱਤਰ ਵਿੱਚ ਦਰਜ ਸਾਰੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਮੰਗ ਪੱਤਰ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਵੱਧ ਰਹੀ ਮਹਿੰਗਾਈ, ਰਿਹਾਇਸ਼, ਖੁਰਾਕ, ਬਿਜਲੀ, ਆਵਾਜਾਈ ਅਤੇ ਦਵਾਈਆਂ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਸੀਨੀਅਰਾਂ ਦੀਆਂ ਪੈਨਸ਼ਨਾਂ ਵਿੱਚ ਸਮੇਂ-ਸਮੇਂ ’ਤੇ ਮਹਿੰਗਾਈ ਦੇ ਅਨੁਪਾਤ ਅਨੁਸਾਰ ਵਾਜਬ ਵਾਧਾ ਕੀਤਾ ਜਾਵੇ, ਤਾਂ ਜੋ ਘੱਟ ਅਤੇ ਨਿਸ਼ਚਿਤ ਆਮਦਨ ਵਾਲੇ ਸੀਨੀਅਰ ਇੱਜ਼ਤ ਅਤੇ ਸਨਮਾਨ ਨਾਲ ਆਪਣਾ ਜੀਵਨ ਬਤੀਤ ਕਰ ਸਕਣ।
ਇਸ ਤੋਂ ਇਲਾਵਾ, ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੀਨੀਅਰ ਨਾਗਰਿਕਾਂ ਦੀ ਪੈਨਸ਼ਨ ਅਤੇ ਸੀਮਤ ਆਮਦਨ ’ਤੇ ਲੱਗਣ ਵਾਲੇ ਆਮਦਨ ਕਰ ਵਿੱਚ ਵਿਸ਼ੇਸ਼ ਛੋਟ ਜਾਂ ਵੱਡੀ ਰਾਹਤ ਦਿੱਤੀ ਜਾਵੇ। ਸੀਨੀਅਰਾਂ ਦਾ ਮੰਨਣਾ ਹੈ ਕਿ ਸਾਲਾਂ ਤੱਕ ਟੈਕਸ ਅਦਾ ਕਰਨ ਤੋਂ ਬਾਅਦ ਬੁਢਾਪੇ ਵਿੱਚ ਮਿਲਣ ਵਾਲੀ ਪੈਨਸ਼ਨ ’ਤੇ ਭਾਰੀ ਟੈਕਸ ਲੱਗਣਾ ਉਨ੍ਹਾਂ ਲਈ ਵਾਧੂ ਆਰਥਿਕ ਬੋਝ ਬਣਦਾ ਹੈ।
ਮੰਗ ਪੱਤਰ ਵਿੱਚ ਇਹ ਵੀ ਜ਼ੋਰਦਾਰ ਮੰਗ ਕੀਤੀ ਗਈ ਕਿ ਸੀਨੀਅਰ ਨਾਗਰਿਕਾਂ ਲਈ ਮੈਡੀਕਲ ਅਤੇ ਸਿਹਤ ਸਹੂਲਤਾਂ ਵਿੱਚ ਮਹੱਤਵਪੂਰਨ ਵਾਧਾ ਕੀਤਾ ਜਾਵੇ। ਵਿਸ਼ੇਸ਼ ਤੌਰ ’ਤੇ ਦਵਾਈਆਂ, ਦੰਦਾਂ ਦੇ ਇਲਾਜ, ਅੱਖਾਂ ਦੀ ਜਾਂਚ ਅਤੇ ਐਨਕਾਂ, ਸੁਣਨ ਵਾਲੇ ਯੰਤਰਾਂ, ਫਿਜ਼ਿਓਥੈਰਪੀ ਅਤੇ ਹੋਰ ਜ਼ਰੂਰੀ ਇਲਾਜਾਂ ਲਈ ਸਰਕਾਰੀ ਸਹਾਇਤਾ ਅਤੇ ਕਵਰੇਜ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਸੀਨੀਅਰਾਂ ਨੇ ਇਹ ਵੀ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਇਲਾਜ, ਪਰਿਵਾਰਕ ਡਾਕਟਰਾਂ ਤੱਕ ਪਹੁੰਚ ਅਤੇ ਜ਼ਰੂਰੀ ਮੈਡੀਕਲ ਟੈਸਟਾਂ ਲਈ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਲਈ ਸਰਕਾਰ ਵਿਸ਼ੇਸ਼ ਕਦਮ ਚੁੱਕੇ। ਬਜ਼ੁਰਗ ਨਾਗਰਿਕਾਂ ਲਈ ਤੁਰੰਤ ਅਤੇ ਸਨਮਾਨਜਨਕ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸੰਸਥਾ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਢਿੱਲੋਂ ਨੂੰ ਬੇਨਤੀ ਕੀਤੀ ਕਿ ਇਸ ਮੰਗ ਪੱਤਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਭੇਜਿਆ ਜਾਵੇ, ਤਾਂ ਜੋ ਸੀਨੀਅਰਾਂ ਨੂੰ ਦਰਪੇਸ਼ ਵਿੱਤੀ ਅਤੇ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਤੁਰੰਤ ਅਤੇ ਗੰਭੀਰਤਾ ਨਾਲ ਵਿਚਾਰ ਕਰੇ।
ਇਸ ਪਹਿਲ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਦੇਸ਼-ਵਿਆਪੀ ਬਣਾਉਣ ਲਈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੰਮ ਕਰ ਰਹੀਆਂ Senior Centres ਅਤੇ Seniors’ Societies, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੰਦਰ ਕਮੇਟੀਆਂ, ਮਸਜਿਦਾਂ, ਚਰਚਾਂ ਅਤੇ ਹੋਰ ਕਮਿਊਨਿਟੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਸੰਗਠਨਾਂ ਵੱਲੋਂ ਇਸੇ ਤਰ੍ਹਾਂ ਦੇ ਮੰਗ ਪੱਤਰ ਤਿਆਰ ਕਰਕੇ ਸਰਕਾਰ ਅਤੇ ਆਪਣੇ ਸਥਾਨਕ ਸੰਸਦ ਮੈਂਬਰਾਂ ਨੂੰ ਭੇਜਣ।
ਮੁਹਿੰਮ ਨਾਲ ਜੁੜੇ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਕੈਨੇਡਾ ਦੇ ਸਾਰੇ ਸੂਬਿਆਂ ਤੋਂ ਸੀਨੀਅਰ ਸੰਸਥਾਵਾਂ ਇੱਕਜੁੱਟ ਹੋ ਕੇ ਆਪਣੀਆਂ ਵਾਜਬ ਮੰਗਾਂ ਅਤੇ ਸਿਫ਼ਾਰਸ਼ਾਂ ਸਰਕਾਰ ਸਾਹਮਣੇ ਰੱਖਣ, ਤਾਂ ਸੀਨੀਅਰ ਨਾਗਰਿਕਾਂ ਨਾਲ ਸਬੰਧਤ ਮੁੱਦਿਆਂ ਨੂੰ ਰਾਸ਼ਟਰੀ ਪੱਧਰ ’ਤੇ ਵਧੇਰੇ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਢੰਗ ਨਾਲ ਉਠਾਇਆ ਜਾ ਸਕੇਗਾ।
ਇਸ ਸਬੰਧੀ ਇੱਕ ਡਰਾਫਟ ਪੱਤਰ ਵੀ ਵੱਖ-ਵੱਖ ਸੀਨੀਅਰ ਸੰਸਥਾਵਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਸੰਗਠਨ ਦੇ ਲੈਟਰਹੈੱਡ ’ਤੇ ਇਸ ਨੂੰ ਮਨਜ਼ੂਰੀ ਦੇ ਕੇ ਦਸਤਖ਼ਤ ਕਰਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸਬੰਧਤ ਸੰਸਦ ਮੈਂਬਰਾਂ ਨੂੰ ਭੇਜ ਸਕਣ।
ਸਰਦਾਰ ਜਗਰੂਪ ਸਿੰਘ ਖੇੜਾ ਨੇ ਕੈਨੇਡਾ ਭਰ ਦੀਆਂ ਸੀਨੀਅਰ ਸੰਸਥਾਵਾਂ, ਕਮਿਊਨਿਟੀ ਆਗੂਆਂ ਅਤੇ ਸੀਨੀਅਰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਂਝੀ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ-ਆਪਣੇ ਸੂਬਿਆਂ ਤੋਂ ਸਰਕਾਰ ਤੱਕ ਸੀਨੀਅਰਾਂ ਦੀਆਂ ਵਾਜਬ ਚਿੰਤਾਵਾਂ ਅਤੇ ਮੰਗਾਂ ਪਹੁੰਚਾਉਣ ਵਿੱਚ ਸਰਗਰਮ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸੇ ਇੱਕ ਸੰਸਥਾ ਜਾਂ ਇੱਕ ਸੂਬੇ ਤੱਕ ਸੀਮਤ ਰਹਿਣਾ ਨਹੀਂ, ਸਗੋਂ ਕੈਨੇਡਾ ਭਰ ਦੇ ਸੀਨੀਅਰ ਨਾਗਰਿਕਾਂ ਦੀ ਸਾਂਝੀ ਆਵਾਜ਼ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਕਿਹਾ, “ਸਾਡੇ ਸੀਨੀਅਰਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕੈਨੇਡਾ ਦੀ ਤਰੱਕੀ ਅਤੇ ਨਿਰਮਾਣ ਵਿੱਚ ਯੋਗਦਾਨ ਪਾਉਂਦਿਆਂ ਬਿਤਾਇਆ ਹੈ। ਹੁਣ ਉਨ੍ਹਾਂ ਨੂੰ ਮਹਿੰਗਾਈ ਦੇ ਬੋਝ ਹੇਠ ਨਹੀਂ ਛੱਡਿਆ ਜਾਣਾ ਚਾਹੀਦਾ। ਵਾਜਬ ਪੈਨਸ਼ਨ, ਟੈਕਸ ਵਿੱਚ ਰਾਹਤ ਅਤੇ ਬਿਹਤਰ ਸਿਹਤ ਸਹੂਲਤਾਂ ਹਰ ਸੀਨੀਅਰ ਦਾ ਸਨਮਾਨਜਨਕ ਜੀਵਨ ਜਿਉਣ ਦਾ ਹੱਕ ਹਨ।”
ਉਨ੍ਹਾਂ ਨੇ ਸਾਰੀਆਂ ਸੀਨੀਅਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਵੱਧ ਤੋਂ ਵੱਧ Senior Centres ਅਤੇ Seniors’ Societies ਨੂੰ ਇਸ ਨਾਲ ਜੋੜਨ, ਤਾਂ ਜੋ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਇੱਕ ਸਾਂਝੀ, ਮਜ਼ਬੂਤ ਅਤੇ ਪ੍ਰਭਾਵਸ਼ਾਲੀ ਆਵਾਜ਼ ਫੈਡਰਲ ਸਰਕਾਰ ਤੱਕ ਪਹੁੰਚਾਈ ਜਾ ਸਕੇ।
ਇਸ ਸਾਂਝੀ ਮੁਹਿੰਮ ਦਾ ਸੰਦੇਸ਼ ਸਪੱਸ਼ਟ ਹੈ—ਕੈਨੇਡਾ ਦੇ ਸੀਨੀਅਰਾਂ ਨੂੰ ਵਿੱਤੀ ਸੁਰੱਖਿਆ, ਮਹਿੰਗਾਈ ਅਨੁਸਾਰ ਵਧੀ ਹੋਈ ਪੈਨਸ਼ਨ, ਟੈਕਸ ਰਾਹਤ ਅਤੇ ਸਮੇਂ ਸਿਰ ਉੱਚ ਪੱਧਰੀ ਮੈਡੀਕਲ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਰੁਝਾਨ ਖਬਰਾਂ