ਕਿਊਬੈਕ ਵਿੱਚ ਸਭ ਤੋਂ ਵੱਧ 3.2 ਫ਼ੀਸਦੀ ਅਤੇ ਅਲਬਰਟਾ ਵਿੱਚ 2.9 ਫ਼ੀਸਦੀ ਵਾਧੇ ਦਾ ਅਨੁਮਾਨ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਵਿੱਚ ਤਨਖ਼ਾਹਾਂ ਦਾ ਮੁਲਾਂਕਣ ਕਰਨ ਵਾਲੀ ਸਲਾਹਕਾਰ ਫ਼ਰਮ ਨੌਰਮੈਂਡਿਨ ਬੌਡਰੀ ਵੱਲੋਂ ਕੀਤੇ ਗਏ ਤਾਜ਼ਾ ਸਾਲਾਨਾ ਸਰਵੇਖਣ ਅਨੁਸਾਰ ਦੇਸ਼ ਭਰ ਦੇ ਰੁਜ਼ਗਾਰਦਾਤਾ ਸਾਲ 2027 ਵਿੱਚ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਔਸਤਨ 3.1 ਫ਼ੀਸਦੀ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸਰਵੇਖਣ ਵਿੱਚ ਦੇਸ਼ ਭਰ ਦੇ 800 ਤੋਂ ਵੱਧ ਅਦਾਰਿਆਂ ਨੇ ਹਿੱਸਾ ਲਿਆ। ਹਾਲਾਂਕਿ ਇਹ ਵਾਧਾ ਸਾਲ 2023 ਵਿੱਚ ਦਰਜ ਕੀਤੇ ਗਏ 4.2 ਫ਼ੀਸਦੀ ਦੇ ਉੱਚ ਪੱਧਰ ਤੋਂ ਘੱਟ ਹੈ, ਪਰ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਇਹ ਮੁਲਾਜ਼ਮਾਂ ਲਈ ਕੁੱਝ ਰਾਹਤ ਜ਼ਰੂਰ ਲਿਆਵੇਗਾ। ਰਿਪੋਰਟ ਅਨੁਸਾਰ 6 ਖੇਤਰ ਅਜਿਹੇ ਹਨ ਜਿੱਥੇ ਕੌਮੀ ਔਸਤ ਨਾਲੋਂ ਵੱਧ ਤਨਖ਼ਾਹ ਵਾਧਾ ਮਿਲਣ ਦੀ ਸੰਭਾਵਨਾ ਹੈ। ਟੈਲੀਕਾਮ, ਡਾਟਾ ਪ੍ਰੋਸੈਸਿੰਗ ਅਤੇ ਵੇਅਰਹਾਊਸਿੰਗ ਖੇਤਰ ਵਿੱਚ 3.4 ਫ਼ੀਸਦੀ, ਵਿੱਤ ਅਤੇ ਬੀਮਾ ਖੇਤਰ ਵਿੱਚ 3.4 ਫ਼ੀਸਦੀ, ਰੀਅਲ ਅਸਟੇਟ ਅਤੇ ਲੀਜ਼ਿੰਗ ਵਿੱਚ 3.3 ਫ਼ੀਸਦੀ, ਤਕਨਾਲੋਜੀ ਵਿੱਚ 3.3 ਫ਼ੀਸਦੀ, ਉਸਾਰੀ ਖੇਤਰ ਵਿੱਚ 3.3 ਫ਼ੀਸਦੀ ਅਤੇ ਵਿਗਿਆਨਕ ਸੇਵਾਵਾਂ ਵਿੱਚ 3.2 ਫ਼ੀਸਦੀ ਵਾਧਾ ਮਿਲਣ ਦਾ ਅਨੁਮਾਨ ਹੈ। ਇੱਕ ਔਸਤ ਗਣਨਾ ਮੁਤਾਬਕ 70000 ਡਾਲਰ ਸਾਲਾਨਾ ਕਮਾਉਣ ਵਾਲੇ ਵਿਅਕਤੀ ਦੀ ਆਮਦਨ ਵਿੱਚ ਲਗਭਗ 2170 ਡਾਲਰ ਦਾ ਵਾਧਾ ਹੋਵੇਗਾ। ਸੂਬਿਆਂ ਦੀ ਗੱਲ ਕਰੀਏ ਤਾਂ ਕਿਊਬੈਕ 3.2 ਫ਼ੀਸਦੀ ਦੇ ਅਨੁਮਾਨ ਨਾਲ ਸਭ ਤੋਂ ਅੱਗੇ ਹੈ, ਜਦਕਿ ਅਲਬਰਟਾ 2.9 ਫ਼ੀਸਦੀ ਦੇ ਵਾਧੇ ਨਾਲ ਸਭ ਤੋਂ ਹੇਠਾਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਤਕਨੀਕੀ ਮੰਦੀ ਦੇ ਬਾਵਜੂਦ ਸੰਸਥਾਵਾਂ ਨੇ ਆਪਣੇ ਸਾਲਾਨਾ ਇੰਕਰੀਮੈਂਟ ਬਜਟ ਨੂੰ ਸਥਿਰ ਰੱਖਿਆ ਹੈ, ਹਾਲਾਂਕਿ ਅਸਲ ਵਾਧਾ ਮੁਲਾਜ਼ਮ ਦੀ ਨਿੱਜੀ ਕਾਰਗੁਜ਼ਾਰੀ ਅਤੇ ਕੰਪਨੀ ਦੀ ਮਾਲੀ ਹਾਲਤ ‘ਤੇ ਨਿਰਭਰ ਕਰੇਗਾ। This report was written by Ekjot Singh as part of the Local Journalism Initiative.
ਕੈਨੇਡਾ ਵਿੱਚ ਸਾਲ 2027 ਦੌਰਾਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚ 3.1 ਫ਼ੀਸਦੀ ਔਸਤ ਵਾਧੇ ਦੀ ਉਮੀਦ

