240000 ਡਾਲਰ ਦੀ ਨਕਦੀ ਅਤੇ 145 ਕਿਲੋ ਤੰਬਾਕੂ ਬਰਾਮਦ, ਦੋ ਮੁਲਜ਼ਮਾਂ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ
ਵੈਨਕੂਵਰ (ਏਕਜੋਤ ਸਿੰਘ): ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ਼ ਬ੍ਰਿਟਿਸ਼ ਕੋਲੰਬੀਆ (ਸੀਐੱਫਐੱਸਈਯੂ-ਬੀਸੀ) ਦੀ ਸਾਂਝੀ ਗ਼ੈਰ-ਕਾਨੂੰਨੀ ਗੇਮਿੰਗ ਜਾਂਚ ਟੀਮ (ਜੇਆਈਜੀਆਈਟੀ) ਵੱਲੋਂ ਲੋਅਰ ਮੇਨਲੈਂਡ ਖੇਤਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਜੂਆ ਘਰ ਚਲਾਉਣ ਦੇ ਮਾਮਲੇ ਵਿੱਚ 2 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਜਾਂਚ ਏਜੰਸੀ ਵੱਲੋਂ ਮਾਰਚ 2023 ਵਿੱਚ ਇੱਕ ਗ਼ੈਰ-ਕਾਨੂੰਨੀ ਗੇਮਿੰਗ ਸਾਈਟ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ, ਜੋ ਹੌਲੀ-ਹੌਲੀ ਕਈ ਅੱਡਿਆਂ ਦੀ ਜਾਂਚ ਵਿੱਚ ਤਬਦੀਲ ਹੋ ਗਈ। ਜਾਂਚ ਦੌਰਾਨ ਪੁਲਿਸ ਟੀਮਾਂ ਵੱਲੋਂ ਬਰਨਬੀ ਅਤੇ ਵੈਨਕੂਵਰ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਵਾਰੰਟ ਲਾਗੂ ਕੀਤੇ ਗਏ। ਇਸ ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 145 ਕਿਲੋਗ੍ਰਾਮ ਗ਼ੈਰ-ਕਾਨੂੰਨੀ ਤੰਬਾਕੂ, ਲਗਭਗ 240000 ਕੈਨੇਡੀਅਨ ਡਾਲਰ ਦੀ ਨਕਦੀ, ਜੂਆ ਖੇਡਣ ਵਾਲੇ ਟੇਬਲ ਅਤੇ ਹੋਰ ਸਾਮਾਨ ਜ਼ਬਤ ਕੀਤਾ। ਇਸ ਤੋਂ ਇਲਾਵਾ ਮੋਬਾਈਲ ਫ਼ੋਨ, ਟੈਬਲੇਟ, ਲੈਪਟਾਪ ਅਤੇ ਡਿਜੀਟਲ ਵੀਡੀਓ ਰਿਕਾਰਡਰ ਸਮੇਤ ਕਈ ਇਲੈਕਟ੍ਰਾਨਿਕ ਉਪਕਰਨ ਵੀ ਕਬਜ਼ੇ ਵਿੱਚ ਲਏ ਗਏ ਹਨ। ਬੀਸੀ ਪ੍ਰੌਸੀਕਿਊਸ਼ਨ ਸਰਵਿਸ ਵੱਲੋਂ 26 ਅਗਸਤ 2026 ਨੂੰ ਦੋਵਾਂ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੁਲਜ਼ਮਾਂ ਵਿੱਚ ਬਰਨਬੀ ਦੇ 54 ਸਾਲਾ ਸ਼ਾਹਰੋਜ਼ ਯੂਨੇਸੀ ਸ਼ਾਮਲ ਹਨ, ਜਿਨ੍ਹਾਂ ‘ਤੇ ਕ੍ਰਿਮੀਨਲ ਕੋਡ ਦੀ ਧਾਰਾ 201(1) ਤਹਿਤ ਜੂਆ ਘਰ ਚਲਾਉਣ ਅਤੇ ਧਾਰਾ 121.1(1) ਤਹਿਤ ਬਿਨਾਂ ਮੋਹਰ ਵਾਲੇ ਤੰਬਾਕੂ ਉਤਪਾਦ ਵੇਚਣ ਦੇ ਦੋਸ਼ ਲੱਗੇ ਹਨ। ਇਸੇ ਤਰ੍ਹਾਂ ਵੈਨਕੂਵਰ ਦੀ 46 ਸਾਲਾ ਸ਼ਿਆਓਈ “ਕੈਰਨ” ਝਾਂਗ ਵਿਰੁੱਧ ਕ੍ਰਿਮੀਨਲ ਕੋਡ ਦੀ ਧਾਰਾ 201(1) ਤਹਿਤ ਕਾਰਵਾਈ ਦਰਜ ਕੀਤੀ ਗਈ ਹੈ।
ਇਸ ਗ਼ੈਰ-ਕਾਨੂੰਨੀ ਗਤੀਵਿਧੀ ਤੋਂ ਇਕੱਠੀ ਹੋਈ ਸਾਰੀ ਕਮਾਈ ਅਤੇ ਜ਼ਬਤ ਕੀਤਾ ਸਾਮਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹੱਕ ਵਿੱਚ ਜ਼ਬਤ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਸਾਰਜੈਂਟ ਸਰਬਜੀਤ ਕੇ. ਸੰਘਾ ਨੇ ਦੱਸਿਆ ਕਿ ਇਹ ਜਾਂਚ ਗ਼ੈਰ-ਕਾਨੂੰਨੀ ਜੂਏਬਾਜ਼ੀ ਦੀ ਗੁੰਝਲਦਾਰ ਬਣਤਰ ਅਤੇ ਅਜਿਹੇ ਧੰਦਿਆਂ ਨੂੰ ਨੱਥ ਪਾਉਣ ਲਈ ਲੋੜੀਂਦੇ ਪ੍ਰਬੰਧਾਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। This report was written by Ekjot Singh as part of the Local Journalism Initiative.
ਕੈਨੇਡਾ ’ਚ ਗ਼ੈਰ-ਕਾਨੂੰਨੀ ਜੂਆ ਘਰ ਚਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

