12.6 C
Vancouver
Tuesday, October 6, 2026

ਬੀਸੀ ਵਿੱਤੀ ਸੇਵਾਵਾਂ ਅਥਾਰਟੀ ਨੇ ਰੀਅਲਟਰ ਰਿੰਪੀ ਹੋਠੀ ਅਤੇ ਉਹਨਾਂ ਦੀ ਕੰਪਨੀ ਦਾ ਲਾਇਸੈਂਸ ਕੀਤਾ ਮੁਅੱਤਲ

ਵੈਨਕੂਵਰ: ਮੈਟਰੋ ਵੈਨਕੂਵਰ ਖੇਤਰ ਦੀ ਜਾਣੀ-ਪਛਾਣੀ ਰੀਅਲ ਅਸਟੇਟ ਏਜੰਟ ਰਿੰਪੀ ਹੋਠੀ ਅਤੇ ਉਹਨਾਂ ਦੀ ਨਿੱਜੀ ਰੀਅਲ ਅਸਟੇਟ ਕਾਰਪੋਰੇਸ਼ਨ ਵਿਰੁੱਧ ਸੂਬਾਈ ਰੈਗੂਲੇਟਰ ਨੇ ਸਖ਼ਤ ਕਦਮ ਚੁੱਕਿਆ ਹੈ। ਬ੍ਰਿਟਿਸ਼ ਕੋਲੰਬੀਆ ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਟੀ (BCFSA) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਹੰਗਾਮੀ ਹੁਕਮ ਤਹਿਤ ਹੋਠੀ ਅਤੇ ਉਹਨਾਂ ਦੀ ਕਾਰਪੋਰੇਸ਼ਨ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ।

ਰੈਗੂਲੇਟਰ ਦੁਆਰਾ ਜਾਰੀ ਦਸਤਾਵੇਜ਼ ਵਿੱਚ ਕਿਸੇ ਵਿਸ਼ੇਸ਼ ਆਚਰਣ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ, ਪਰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਕਾਰਨ ਇਹ ਹੰਗਾਮੀ ਹੁਕਮ ਜ਼ਰੂਰੀ ਹੋ ਗਏ ਸਨ। ਅਧਿਕਾਰੀਆਂ ਅਨੁਸਾਰ ਪੂਰੀ ਜਾਂਚ ਜਾਂ ਅਨੁਸ਼ਾਸਨੀ ਸੁਣਵਾਈ ਮੁਕੰਮਲ ਹੋਣ ਵਿੱਚ ਲੱਗਣ ਵਾਲਾ ਸਮਾਂ ਜਨਤਕ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਸੀ, ਜਿਸ ਕਾਰਨ ਇਹ ਅੰਤਰਿਮ ਰੋਕ ਲਗਾਈ ਗਈ ਹੈ। ਫਿਲਹਾਲ ਇਹ ਦੋਸ਼ ਅਦਾਲਤ ਜਾਂ ਸੁਣਵਾਈ ਦੌਰਾਨ ਸਾਬਤ ਨਹੀਂ ਹੋਏ ਹਨ।

ਇਸ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਹੋਠੀ ਅਤੇ ਉਹਨਾਂ ਦੀ ਕੰਪਨੀ ਦਾ ਲਾਇਸੈਂਸ ਰੱਦ ਰਹੇਗਾ ਅਤੇ ਉਹਨਾਂ ਨੂੰ 10 ਦਿਨਾਂ ਦੇ ਅੰਦਰ ਆਪਣੀ ਟੀਮ ‘ਰਿੰਪੀ ਹੋਠੀ ਗਰੁੱਪ’ ਦਾ ਨਾਮ ਵੀ ਬਦਲਣਾ ਪਵੇਗਾ। ਰੈਗੂਲੇਟਰ ਨੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ 4 ਸਤੰਬਰ 2026 ਤੋਂ ਹੋਠੀ ਬਿਨਾਂ ਲਾਇਸੈਂਸ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਵਪਾਰਕ ਸੇਵਾਵਾਂ ਜਾਂ ਸਹਾਇਕ ਵਜੋਂ ਕੰਮ ਨਹੀਂ ਕਰ ਸਕਦੇ। ਮੌਜੂਦਾ ਗਾਹਕਾਂ ਨੂੰ ਉਹਨਾਂ ਦੀ ਬ੍ਰੋਕਰੇਜ ਸਟਨ ਗਰੁੱਪ ਵੈਸਟ ਕੋਸਟ ਰਿਐਲਟੀ ਨਾਲ ਸੰਪਰਕ ਕਰਕੇ ਅਗਲੇ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।

ਰਿਕਾਰਡ ਮੁਤਾਬਕ ਜਨਵਰੀ 2025 ਵਿੱਚ ਵੀ ਹੋਠੀ ਨੂੰ ਮਾਰਕੀਟਿੰਗ ਨਿਯਮਾਂ ਦੀ ਉਲੰਘਣਾ ਕਰਨ ਬਦਲੇ 4000 ਡਾਲਰ ਦਾ ਜੁਰਮਾਨਾ ਕੀਤਾ ਗਿਆ ਸੀ। ਉਸ ਸਮੇਂ ਉਹਨਾਂ ਵੱਲੋਂ ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਵਰਗੇ ਮੰਚਾਂ ਉੱਤੇ ਬਿਨਾਂ ਕਿਸੇ ਪੁਖ਼ਤਾ ਆਧਾਰ ਜਾਂ ਵੇਰਵੇ ਦੇ ‘ਟੌਪ 1% ਰੀਅਲਟਰ’ ਵਰਗੇ ਗੁੰਮਰਾਹਕੁੰਨ ਦਾਅਵੇ ਪ੍ਰਕਾਸ਼ਿਤ ਕਰਨ ਅਤੇ ਬ੍ਰੋਕਰੇਜ ਦਾ ਨਾਮ ਸਹੀ ਢੰਗ ਨਾਲ ਦਰਜ ਨਾ ਕਰਨ ਦੇ ਦੋਸ਼ ਸਨ।

ਰੁਝਾਨ ਖਬਰਾਂ