ਵੈਨਕੂਵਰ (ਏਕਜੋਤ ਸਿੰਘ): ਵਨਸਿਟੀ ਵੈਨਕੂਵਰ ਪਾਰਟੀ ਵਲੋਂ ਸ਼ਹਿਰ ਵਿੱਚ ਕਾਰੋਬਾਰਾਂ ਦੀ ਮਦਦ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਇੱਕ ਨਵਾਂ ਢਾਂਚਾ ਤਿਆਰ ਵਅਦਾ ਕੀਤਾ ਹੈ। ਅਕਤੂਬਰ 2026 ਦੀਆਂ ਚੋਣਾਂ ਤੋਂ ਪਹਿਲਾਂ ਵਨਸਿਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਵਿਲੀਅਮ ਐਜ਼ਾਰੋਫ ਨੇ ਇਸ ਮਤੇ ਦਾ ਐਲਾਨ ਕੀਤਾ। ਜੇਕਰ ਉਨ੍ਹਾਂ ਦੀ ਪਾਰਟੀ ਚੋਣ ਜਿੱਤਦੀ ਹੈ, ਤਾਂ ਉਹ 3 ਮਿਲੀਅਨ ਡਾਲਰ ਦੇ ਫੰਡ ਨਾਲ ਇੱਕ ਨਵਾਂ ਬਿਜ਼ਨਸ ਐਂਡ ਇਨਵੈਸਟਮੈਂਟ ਆਫਿਸ ਕਾਇਮ ਕਰਨਗੇ। ਇਹ ਦਫਤਰ ਤਰੱਕੀ ਦੀਆਂ ਰਾਹਾਂ ਲੱਭ ਰਹੀਆਂ ਸਥਾਨਕ ਕੰਪਨੀਆਂ ਦੀ ਮਦਦ ਕਰੇਗਾ ਅਤੇ ਮੈਟਰੋ ਵੈਨਕੂਵਰ ਦੀ ਏਜੰਸੀ ਇਨਵੈਸਟ ਵੈਨਕੂਵਰ ਦੇ ਨਾਲ ਮਿਲ ਕੇ ਕੰਮ ਕਰੇਗਾ। ਪਾਰਟੀ ਨੇ ਜ਼ੋਰ ਦਿੱਤਾ ਹੈ ਕਿ ਉਹ ਖੇਤਰੀ ਪੱਧਰ ਉੱਤੇ ਵੀ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਜੋ ਸ਼ਹਿਰ ਅਤੇ ਖੇਤਰ ਦੇ ਦਫਤਰ ਆਪਸ ਵਿੱਚ ਮਿਲ ਕੇ ਬਿਹਤਰ ਨਤੀਜੇ ਦੇ ਸਕਣ।
ਇਹ ਪ੍ਰਸਤਾਵ ਸਿਟੀ ਆਫ ਵੈਨਕੂਵਰ ਦੇ ਆਰਥਿਕ ਵਿਕਾਸ ਦੇ ਬਜਟ ਨੂੰ ਉਸੇ ਪੱਧਰ ਉੱਤੇ ਵਾਪਸ ਲਿਆਵੇਗਾ ਜੋ ਪਹਿਲਾਂ ਵਾਲੇ ਕਮਿਸ਼ਨ ਵੇਲੇ ਸੀ। ਆਪਣੇ ਸਮੇਂ ਦੌਰਾਨ ਪੁਰਾਣੇ ਕਮਿਸ਼ਨ ਨੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਈ ਸੀ, ਜਿਸ ਨਾਲ ਮੈਟਰੋ ਵੈਨਕੂਵਰ ਵਿੱਚ 3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਆਇਆ ਸੀ। ਹਾਲਾਂਕਿ, ਸਤੰਬਰ 2023 ਵਿੱਚ ਮੌਜੂਦਾ ਮਿਊਂਸੀਪਲ ਸਰਕਾਰ ਨੇ ਇਸਨੂੰ ਬੰਦ ਕਰਕੇ ਇਸਦੇ ਕੰਮ ਸਿਟੀ ਮੈਨੇਜਰ ਦੇ ਦਫਤਰ ਹੇਠ ਕਰ ਦਿੱਤੇ ਸਨ। ਸਰਕਾਰ ਦਾ ਤਰਕ ਸੀ ਕਿ ਖੇਤਰੀ ਨਿਵੇਸ਼ ਦਾ ਕੰਮ ਇਨਵੈਸਟ ਵੈਨਕੂਵਰ ਸੰਭਾਲੇਗਾ, ਜਿਸ ਨਾਲ ਪੈਸੇ ਦੀ ਬੱਚਤ ਹੋਵੇਗੀ। ਪਰ ਇਨਵੈਸਟ ਵੈਨਕੂਵਰ ਨੂੰ ਵੀ ਮੈਂਬਰ ਨਗਰ ਪਾਲਿਕਾਵਾਂ ਵਿਚਕਾਰ ਸਿਆਸੀ ਖਿੱਚੋਤਾਣ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਵੇਂ ਕਿ ਸਰੀ ਸ਼ਹਿਰ ਵੱਲੋਂ ਇਸਦੀ ਹੋਂਦ ਉੱਤੇ ਸਵਾਲ ਚੁੱਕੇ ਗਏ ਸਨ। ਕੈਨੇਡਾ ਦੇ ਲਗਭਗ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਅਜਿਹੀਆਂ ਖੇਤਰੀ ਏਜੰਸੀਆਂ ਕੰਮ ਕਰਦੀਆਂ ਹਨ। This report was written by Ekjot Singh as part of the Local Journalism Initiative.
ਵਨਸਿਟੀ ਪਾਰਟੀ ਵੱਲੋਂ ਸ਼ਹਿਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨਵਾਂ ਬਿਜ਼ਨਸ ਐਂਡ ਇਨਵੈਸਟਮੈਂਟ ਦਫ਼ਤਰ ਬਣਾਉਣ ਦਾ ਵਾਅਦਾ

