ਸਟੇਟਾਂ ਨੇ ਸੋਸ਼ਲ ਮੀਡੀਆ ਕੰਪਨੀ ’ਤੇ ਬੱਚਿਆਂ ਦਾ ਸ਼ੋਸ਼ਣ ਕਰਨ ਅਤੇ
ਉਹਨਾਂ ਨੂੰ ਜਾਣਬੁੱਝ ਕੇ ਅਮਲੀ ਬਣਾਉਣ ਦੇ ਇਲਜ਼ਾਮ ਲਾਏ
ਲੇਖਕ: ਸੀ ਬੀ ਸੀ ਨਿਊਜ਼
ਅਨੁਵਾਦ: ਸੁਖਵੰਤ ਹੁੰਦਲ
ਮੈਟਾ ਪਲੇਟਫਾਰਮਜ਼ ਨੇ ਅਮਰੀਕਾ ਦੀਆਂ ਸਟੇਟਾਂ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਮੁਨਾਫ਼ੇ ਖਾਤਰ ਬੱਚਿਆਂ ਨੂੰ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਦਾ ਅਮਲੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਇਹ ਗੱਲ ਉਦੋਂ ਕਹੀ ਜਦੋਂ ਮੰਗਲਵਾਰ (18 ਅਗਸਤ) ਨੂੰ ਇਕ ਅਜਿਹਾ ਮੁਕੱਦਮਾ ਸ਼ੁਰੂ ਹੋਇਆ ਜਿਹੜਾ ਦੁਨੀਆ ਦੇ ਸਭ ਤੋਂ ਮਸ਼ਹੂਰ ਐਪਾਂ ਦੇ ਸਰੂਪ ਨੂੰ ਬਦਲ ਸਕਦਾ ਹੈ। ਅਮਰੀਕਾ ਦੀਆਂ 29 ਸਟੇਟਾਂ (ਦੋਹਾਂ ਪਾਰਟੀਆਂ ਦੀ ਹਕੂਮਤ ਵਾਲੀਆਂ ਸਟੇਟਾਂ) ਦੇ ਇੱਕ ਗਰੁੱਪ ਨੇ ਮੈਟਾ ‘ਤੇ ਮੁਕੱਦਮਾ ਕੀਤਾ ਹੈ, ਜਿਸ ਵਿੱਚ ਸੰਭਾਵੀ ਤੌਰ ‘ਤੇ ਅਰਬਾਂ ਡਾਲਰਾਂ ਦੇ ਜੁਰਮਾਨੇ ਅਤੇ ਮੈਟਾ ਦੇ ਕਾਰੋਬਾਰ ਕਰਨ ਦੇ ਤਰੀਕੇ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਗਈ ਹੈ। ਚਾਰ ਮੁੱਖ
ਸਟੇਟਾਂ — ਕੈਲੀਫੋਰਨੀਆ, ਕੋਲੋਰਾਡੋ, ਕੈਨਟਕੀ ਅਤੇ ਨਿਊ ਜਰਸੀ — ਨੇ ਮੈਟਾ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਛੋਟੀ ਉਮਰ ਦੇ ਵਰਤੋਂਕਾਰਾਂ ਨੂੰ ਆਦੀ ਬਣਾਉਣ ਦੇ ਢੰਗ ਨਾਲ ਡਿਜ਼ਾਈਨ ਕੀਤਾ ਹੈ, ਜਿਸ ਨਾਲ ਚਿੰਤਾ, ਡਿਪ੍ਰੈਸ਼ਨ ਅਤੇ ਇੱਥੋਂ ਤੱਕ ਕਿ ਖੁਦਕੁਸ਼ੀ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ, ਅਤੇ ਖਪਤਕਾਰਾਂ ਨੂੰ ਪਲੇਟਫਾਰਮਾਂ ਦੀ ਸੁਰੱਖਿਆ ਬਾਰੇ ਗੁੰਮਰਾਹ ਕੀਤਾ ਗਿਆ ਹੈ। ਸਾਰੀਆਂ 29 ਸਟੇਟਾਂ ਨੇ ਮੈਟਾ ‘ਤੇ ਬੱਚਿਆਂ ਦੇ ਨਿੱਜੀ ਡਾਟਾ ਨੂੰ ਗਲਤ ਤਰੀਕੇ ਨਾਲ ਇਕੱਠਾ ਕਰਨ ਅਤੇ ਵਰਤਣ ਦਾ ਦੋਸ਼ ਲਗਾ ਕੇ ਫੈਡਰਲ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲਾਾਇਆ ਹੈ।
ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਦੀ ਫੈਡਰਲ ਅਦਾਲਤ ਵਿੱਚ ਸ਼ੁਰੂ ਹੋਏ ਇਸ ਮੁਕੱਦਮੇ ਵਿੱਚ ਮੰਗਲਵਾਰ ਨੂੰ ਮੁੱਢਲੇ ਬਿਆਨ ਸੁਣੇ ਗਏ, ਅਤੇ ਇਸ ਮੁਕੱਦਮੇ ਨੂੰ ਮਾਹਰਾਂ ਨੇ ਨੌਜਵਾਨ ਵਰਤੋਂਕਾਰਾਂ ‘ਤੇ ਸੋਸ਼ਲ ਮੀਡੀਆ ਦੇ ਪੈਣ ਵਾਲੇ ਅਸਰਾਂ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਕਾਨੂੰਨੀ ਇਮਤਿਹਾਨ ਦੱਸਿਆ ਹੈ। ਮੈਟਾ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ—ਜਿਨ੍ਹਾਂ ਵਿੱਚ ਸਨੈਪ, ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਅਤੇ ਯੂਟਿਊਬ ਦੀ ਪੇਰੈਂਟ ਕੰਪਨੀ ਅਲਫ਼ਾਬੈਟ ਸ਼ਾਮਲ ਹਨ— ਇਸ ਗੱਲ ਬਾਰੇ ਸਟੇਟਾਂ, ਨਗਰਪਾਲਿਕਾਵਾਂ, ਸਕੂਲ ਜ਼ਿਲ੍ਹਿਆਂ ਅਤੇ ਵਿਅਕਤੀਆਂ ਵੱਲੋਂ ਦਾਇਰ ਹਜ਼ਾਰਾਂ ਮੁਕੱਦਮਿਆਂ ਦਾ ਸਾਹਮਣਾ ਕਰ ਰਹੀਆਂ ਹਨ ਕਿ ਕੀ ਉਨ੍ਹਾਂ ਦੇ ਪ੍ਰੋਡਕਟ ਨੌਜਵਾਨ ਵਰਤੋਂਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕੈਲੀਫੋਰਨੀਆ ਦੀ ਡਿਪਟੀ ਅਟਾਰਨੀ ਜਨਰਲ ਮੇਗਨ ਓਨੀਲ ਨੇ ਅੱਠ ਮੈਂਬਰੀ ਜਿਊਰੀ ਨੂੰ ਦੱਸਿਆ ਕਿ ਮੈਟਾ ਦਾ ਬਿਜ਼ਨਸ ਮਾਡਲ “ਵਰਤੋਂਕਾਰਾਂ ਨੂੰ ਆਦੀ ਬਣਾਉਣਾ, ਉਨ੍ਹਾਂ ਨੂੰ ਜਿੰਨਾ ਹੋ ਸਕੇ ਉੱਨਾ ਚਿਰ ਤੱਕ ਪਲੇਟਫਾਰਮ `ਤੇ ਰੱਖਣਾ, ਉਨ੍ਹਾਂ ਦਾ ਡਾਟਾ ਇਕੱਠਾ ਕਰਨਾ, ਅਤੇ ਫਿਰ ਜਨਤਾ ਤੋਂ ਸੱਚਾਈ ਛੁਪਾਉਣਾ ਸੀ।”
ਓਨੀਲ ਨੇ ਅੱਗੇ ਕਿਹਾ, “ਇਹ ਤਰੀਕਾ ਖਾਸ ਕਰਕੇ ਬੱਚਿਆਂ ਲਈ ਬਹੁਤ ਕਾਰਗਰ ਰਿਹਾ। ਮੈਟਾ ਨੂੰ ਬੱਚਿਆਂ ਦੀ ਲੋੜ ਸੀ, ਅਤੇ ਉਸ ਨੂੰ ਉਨ੍ਹਾਂ ਬੱਚਿਆਂ ਦੀ ਸੰਭਾਲ ਕਰਨ ਵਾਲੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਸੀ ਕਿ ਬੱਚੇ ਸੁਰੱਖਿਅਤ ਹਨ।”
ਮੈਟਾ ਦੇ ਵਕੀਲ ਪਾਲ ਸ਼ਮਿਟ ਨੇ ਕਿਹਾ ਕਿ ਇਸ ਗੱਲ ਬਾਰੇ “ਕੋਈ ਅਸਹਿਮਤੀ ਨਹੀਂ” ਹੈ ਕਿ ਕੁੱਝ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਖੋਜ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਅਲ੍ਹੜ ਉਮਰ ਦੇ ਬੱਚਿਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਨ੍ਹਾਂ ਦੀ ਮਾਨਸਿਕ ਜਾਂ ਸਰੀਰਕ ਭਲਾਈ ਵਿੱਚ ਕਮੀ ਵਿਚਕਾਰ ਕੋਈ ਸਿੱਧਾ ਸਬੰਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਟਾ ਦਾ ਸਹਿ-ਸੰਸਥਾਪਕ ਅਤੇ ਸੀ ਈ ਓ ਮਾਰਕ ਜ਼ੁਕਰਬਰਗ ਵੀ ਕੰਪਨੀ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਇੱਛਾ ਰੱਖਦਾ ਹੈ, ਨਾ ਕਿ ਉਨ੍ਹਾਂ ਨੂੰ ਖਤਰਨਾਕ ਬਣਾਉਣ ਦੀ।
ਸ਼ਮਿਟ ਨੇ ਅੱਗੇ ਕਿਹਾ, “ਉਹ ਨਹੀਂ ਮੰਨਦੇ ਕਿ ਜੇਕਰ ਲੋਕ ਉਨ੍ਹਾਂ ਦੀ ਸੇਵਾ ਨੂੰ ਪਸੰਦ ਨਹੀਂ ਕਰਨਗੇ ਤਾਂ ਉਹ ਵਧੀਆ ਪ੍ਰਦਰਸ਼ਨ ਕਰ ਸਕਣਗੇ।”
ਜੱਜ ਇੰਸਟਾਗ੍ਰਾਮ ਅਤੇ ਫੇਸਬੁੱਕ ਵਿੱਚ ਤਬਦੀਲੀਆਂ ਕਰਨ ਦੇ ਹੁਕਮ ਦੇ ਸਕਦੀ ਹੈ
ਜਿਊਰੀ ਇੱਕ ਸਲਾਹਕਾਰੀ ਫੈਸਲਾ ਦੇੇਵੇਗੀ- ਇਕ ਅਜਿਹਾ ਫੈਸਲਾ ਜਿਸ ਨੂੰ ਮੰਨਣਾ ਜੱਜ ਲਈ ਲਾਜ਼ਮੀ ਨਹੀਂ ਹੁੰਦਾ ਪਰ ਉਹ ਇਸ `ਤੇ ਸੇਧ ਲਈ ਗੌਰ ਕਰ ਸਕਦਾ/ਸਕਦੀ ਹੈ। ਪਰ ਅਖੀਰ ਵਿੱਚ ਯੂ ਐੱਸ ਡਿਸਟ੍ਰਿਕਟ ਜੱਜ ਇਵੋਨ ਗੋਂਜ਼ਾਲੇਜ਼ ਰੌਜਰਜ਼ ਹੀ ਮੈਟਾ ਦੀ ਜਵਾਬਦੇਹੀ ਤੈਅ ਕਰੇਗੀ।
ਜੇਕਰ ਉਹ ਮੈਟਾ ਨੂੰ ਦੋਸ਼ੀ ਸਮਝਦੀ ਹੈ ਤਾਂ ਰੌਜਰਜ਼ ਦੀਵਾਨੀ ਜੁਰਮਾਨੇ (ਸਿਵਲ ਪੈਨਲਟੀਜ਼) ਲਗਾ ਸਕਦੀ ਹੈ ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਵਿੱਚ ਤਬਦੀਲੀਆਂ ਕਰਨ ਦੇ ਹੁਕਮ ਦੇ ਸਕਦੀ ਹੈ। ਮੈਟਾ ਦਾ ਕਹਿਣਾ ਹੈ ਕਿ ਇਹ ਜੁਰਮਾਨਾ 14 ਖਰਬ (1.4 ਟ੍ਰਿਲੀਅਨ) ਅਮਰੀਕੀ ਡਾਲਰ ਤੱਕ ਹੋ ਸਕਦਾ ਹੈ, ਜੋ ਕਿ ਮੇਨਲੋ ਪਾਰਕ, ਕੈਲੀਫੋਰਨੀਆ ਵਿਖੇ ਸਥਿੱਤ ਇਸ ਕੰਪਨੀ ਦੀ ਕੁੱਲ ਮਾਰਕੀਟ ਵੈਲਿਊ ਦੇ ਲਗਭਗ ਬਰਾਬਰ ਹੈ।
ਅਟਾਰਨੀ ਜਨਰਲਾਂ ਨੇ ਪਿਛਲੇ ਹਫ਼ਤੇ ਹੋਈ ਇੱਕ ਸੁਣਵਾਈ ਵਿੱਚ ਕਿਹਾ ਸੀ ਕਿ ਇਹ ਰਕਮ 200 ਅਰਬ (ਬਿਲੀਅਨ) ਅਮਰੀਕੀ ਡਾਲਰ ਦੇ ਕਰੀਬ ਹੋ ਸਕਦੀ ਹੈ, ਜੋ ਕਿ ਮੈਟਾ ਦੇ ਲਗਭਗ ਤਿੰਨ ਸਾਲਾਂ ਦੇ ਟੈਕਸ ਦੇਣ ਤੋਂ ਬਾਅਦ ਦੇ ਮੁਨਾਫ਼ੇ ਦੇ ਬਰਾਬਰ ਹੈ।
ਕੈਲੀਫੋਰਨੀਆ, ਕੋਲੋਰਾਡੋ, ਕੈਨਟਕੀ ਅਤੇ ਨਿਊ ਜਰਸੀ ਇਹ ਵੀ ਚਾਹੁੰਦੇ ਹਨ ਕਿ ਮੈਟਾ ਫੇਸਬੁੱਕ ਅਤੇ ਇੰਸਟਾਗ੍ਰਾਮ ਵਿੱਚ ਵੱਡੀਆਂ ਤਬਦੀਲੀਆਂ ਕਰੇ, ਜਿਹਨਾਂ ਵਿੱਚ ‘ਲਾਈਕਸ’ ਅਤੇ ਲਗਾਤਾਰ ਨਵੀਂਆਂ ਪੋਸਟਾਂ ਦੇਖਣ ਲਈ ਉਤਸ਼ਾਹਿਤ ਕਰਨ ਵਾਲੀ ‘ਇਨਫਿਨਿਟ ਸਕ੍ਰੌਲ ਭਾਵ ਅਸੀਮਤ ਸਕ੍ਰੌਲ” ਨੂੰ ਖਤਮ ਕਰਨਾ, ਛੋਟੀ ਉਮਰ ਦੇ ਵਰਤੋਂਕਾਰਾਂ ਲਈ ਸਮੇਂ ਦੀ ਸੀਮਾ ਤੈਅ ਕਰਨਾ, ਅਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਔਫਲਾਈਨ ਰੱਖਣ ਲਈ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ਾਮਲ ਹੈ।
ਪਹਿਲੇ ਗਵਾਹ ਦੀ ਗਵਾਹੀ
ਸ਼ੁਰੂਆਤੀ ਬਹਿਸ ਖਤਮ ਹੋਣ ਤੋਂ ਬਾਅਦ, ਮੈਟਾ ਦੇ ਸਾਬਕਾ ਸੁਰੱਖਿਆ ਇੰਜੀਨੀਅਰ ਅਰਤੂਰੋ ਬੇਜਾਰ ਨੇ ਸਟੇਟਾਂ ਦੇ ਪਹਿਲੇ ਗਵਾਹ ਵਜੋਂ ਗਵਾਹੀ ਦੇਣੀ ਸ਼ੁਰੂ ਕੀਤੀ।
ਬੇਜਾਰ ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਮੈਟਾ ਜਾਣਦੀ ਸੀ ਕਿ ਉਸ ਦੇ ਬੱਚਿਆਂ ਦੀ ਸੁਰੱਖਿਆ ਵਾਲੇ ਟੂਲ ਕੰਮ ਨਹੀਂ ਕਰਦੇ, ਅਤੇ ਉਹ ਅਦਾਲਤ ਵਿੱਚ ਚਾਰ ਵਾਰ ਕੰਪਨੀ ਦੇ ਖਿਲਾਫ ਗਵਾਹੀ ਦੇ ਚੁੱਕਾ ਹੈ। ਮੈਟਾ ਨੇ ਸਾਬਕਾ ਕਰਮਚਾਰੀਆਂ ਨਾਲ ਸਿਗਨਲ ਮੈਸੇਜ ਡਿਲੀਟ ਕਰਨ ਦੇ ਦੋਸ਼ ਹੇਠ ਉਸ ਦੀ ਗਵਾਹੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜੱਜ ਰੌਜਰਜ਼ ਨੇ ਇੱਕ ਮੁੱਖ ਗਵਾਹ ਨੂੰ ਹਟਾਉਣ ਦੀ ਇਸ ਕੋਸ਼ਿਸ਼ ਨੂੰ ਖਾਰਜ ਕਰ ਦਿੱਤਾ।
ਬੇਜਾਰ ਨੇ ਜਿਊਰੀ ਨੂੰ ਦੱਸਿਆ ਕਿ ਮੈਟਾ ਦਾ ਇੱਕ ਮੂਲ ਮੰਤਰ ਸੀ “ਤੇਜ਼ੀ ਨਾਲ ਅੱਗੇ ਵਧੋ ਅਤੇ ਚੀਜ਼ਾਂ ਨੂੰ ਤੋੜੋ”। ਉਸ ਨੇ ਕਿਹਾ ਕਿ ਕੰਪਨੀ ਇਸ ਗੱਲ ਦੀ ਨਿਗਰਾਨੀ ਕਰਨ ਬਾਰੇ ਕਿ ਕੀ 13 ਸਾਲ ਤੋਂ ਘੱਟ ਉਮਰ ਦੇ ਬੱਚੇ ਔਨਲਾਈਨ ਹਨ ਜਾਂ ਨਹੀਂ “ਨਾ ਪੁੱਛੋ, ਨਾ ਦੱਸੋ” ਵਾਲੀ ਨੀਤੀ ਅਪਣਾਉਂਦੀ ਸੀ।
ਬੇਜਾਰ ਨੇ ਅੱਗੇ ਕਿਹਾ ਰੀਲਾਂ ਵਰਗੀਆਂ ਛੋਟੀਆਂ ਵੀਡੀਓ ਵਰਗੇ “ਦੁਨੀਆ ਵਿੱਚ ਕਈ ਪ੍ਰੋਡਕਟ ਲਾਂਚ ਕੀਤੇ ਗਏ ਅਤੇ ਇਸ ਗੱਲ ‘ਤੇ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਲਾਗੂ ਕਰਦੇ ਸਮੇਂ ਸੁਰੱਖਿਆ ਦਾ ਧਿਆਨ ਕਿਵੇਂ ਰੱਖਿਆ ਜਾਵੇ।”
ਸਟੇਟਾਂ ਨੇ ਦੋਸ਼ ਲਾਏ ਕਿ ਕਰਮਚਾਰੀ ਇੰਸਟਾਗ੍ਰਾਮ ਨੂੰ ‘ਨਸ਼ੇ’ ਵਜੋਂ ਦੇਖਦੇ ਸਨ
ਜ਼ੁਕਰਬਰਗ ਅਤੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਵਲੋਂ ਗਵਾਹੀ ਦੇਣ ਦੀ ਉਮੀਦ ਹੈ। ਇਸ ਮੁਕੱਦਮੇ ਦੇ ਚੱਲਣ ਦਾ ਸਮਾਂ ਛੇ ਹਫ਼ਤਿਆਂ ਤੱਕ ਨਿਸ਼ਚਿਤ ਕੀਤਾ ਗਿਆ ਹੈ।
ਮੰਗਲਵਾਰ ਨੂੰ ਮੈਟਾ ਦੇ ਸ਼ੇਅਰ ਜ਼ਿਆਦਾਤਰ ਸਮਾਂ ਹੇਠਾਂ ਰਹੇ ਅਤੇ 4.4 ਫੀਸਦੀ ਦੀ ਗਿਰਾਵਟ ਨਾਲ 543.67 ਅਮਰੀਕੀ ਡਾਲਰ ‘ਤੇ ਬੰਦ ਹੋਏ।
ਇਹ ਮੰਨਦੇ ਹੋਏ ਕਿ ਸੋਸ਼ਲ ਮੀਡੀਆ ਦੇ “ਕੁੱਝ ਲੋਕਾਂ ਲਈ ਕੁੱਝ ਫਾਇਦੇ ਵੀ ਹਨ” ਓਨੀਲ ਨੇ ਕਿਹਾ ਕਿ ਸਟੇਟਾਂ ਮੈਟਾ ਦਾ ਕਾਰੋਬਾਰ ਬੰਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ।
ਪਰ ਉਸ ਨੇ ਕਿਹਾ ਕਿ ਮੈਟਾ ਨੇ ਇਹ ਖੋਜ ਕਰਕੇ ਕਿ ਬੱਚਿਆਂ ਦੇ ਦਿਮਾਗ ਕਿਵੇਂ ਕੰਮ ਕਰਦੇ ਹਨ ਅਤੇ ਔਨਲਾਈਨ ਉਤੇਜਨਾ ‘ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਨ ਅਤੇ ਆਪਣੀਆਂ ਐਪਾਂ ‘ਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਬੱਚਿਆਂ ਦਾ ਸ਼ੋਸ਼ਣ ਕੀਤਾ।
ਉਸ ਨੇ ਦੱਸਿਆ ਕਿ ਮੋਸੇਰੀ ਨੂੰ ਭੇਜੀ ਗਈ ਇੱਕ ਅੰਦਰੂਨੀ ਈਮੇਲ ਵਿੱਚ ਨੋਟ ਕੀਤਾ ਗਿਆ ਸੀ ਕਿ “ਅੱਲੜ ਉਮਰ ਦੇ ਬੱਚਿਆਂ ਵਲੋਂ ਬਿਤਾਇਆ ਗਿਆ ਸਮਾਂ” ਹੀ ਮੁੱਖ ਟੀਚਾ ਸੀ, ਅਤੇ ਮੈਟਾ ਦੇ ਕਰਮਚਾਰੀ ਇੰਸਟਾਗ੍ਰਾਮ ਨੂੰ ਇੱਕ “ਨਸ਼ੇ” ਵਜੋਂ ਅਤੇ ਆਪਣੇ ਆਪ ਨੂੰ “ਨਸ਼ਾ ਵੇਚਣ ਵਾਲਿਆਂ” ਵਜੋਂ ਦੇਖਦੇ ਸਨ।
ਓਨੀਲ ਨੇ ਅੱਗੇ ਕਿਹਾ, “ਮੈਟਾ ਨੇ ਦੇਖਿਆ ਕਿ ਬੱਚਾ ਜਿੰਨੀ ਛੋਟੀ ਉਮਰ ਵਿੱਚ ਐਪ ਦੀ ਵਰਤੋਂ ਸ਼ੁਰੂ ਕਰਦਾ ਹੈ, ਕੰਪਨੀ ਲਈ ਉੱਨਾ ਹੀ ਬਿਹਤਰ ਹੈ।”
ਸ਼ਮਿਟ ਨੇ ਸਵੀਕਾਰ ਕੀਤਾ ਕਿ ਕਰਮਚਾਰੀ ਪ੍ਰਾਈਵੇਟ ਤੌਰ ‘ਤੇ ਅਜਿਹੀ “ਲਾਪਰਵਾਹ” ਭਾਸ਼ਾ ਦੀ ਵਰਤੋਂ ਕਰ ਸਕਦੇ ਹਨ, ਪਰ ਉਨ੍ਹਾਂ ਕਿਹਾ ਕਿ ਮੈਟਾ ਦੇ ਪ੍ਰੋਡਕਟ ਅਮਲੀ ਬਣਾਉਣ ਵਾਲੇ ਨਹੀਂ ਸਨ, ਅਤੇ ਜਿਊਰੀ ਸੁਣੇਗੀ ਕਿ ਇੰਸਟਾਗ੍ਰਾਮ ਨੂੰ ਨਸ਼ਾ ਕਹਿਣ ਵਾਲੇ ਕਰਮਚਾਰੀ ਨੇ ਇਸ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕੀ ਕਦਮ ਚੁੱਕੇ ਸਨ।
ਅਦਾਲਤ ਦੇ ਬਾਹਰ ਆਲੋਚਕਾਂ ਦਾ ਇਕੱਠ
ਮੁਕੱਦਮਾ ਸ਼ੁਰੂ ਹੋਣ ਸਮੇਂ ਮੈਟਾ ਦੇ ਕੁੱਝ ਆਲੋਚਕਾਂ ਨੇ ਅਦਾਲਤ ਦੇ ਬਾਹਰ ਗੱਲਬਾਤ ਕੀਤੀ।
ਉਨ੍ਹਾਂ ਵਿੱਚ ਮੈਰੀ ਰੋਡੀ ਵੀ ਸ਼ਾਮਲ ਸੀ, ਜਿਸ ਨੇ ਦੱਸਿਆ ਕਿ ਉਸ ਦੇ 15 ਸਾਲਾ ਪੁੱਤਰ ਰਾਈਲੀ ਬਾਸਫੋਰਡ ਨੇ 2021 ਵਿੱਚ ਫੇਸਬੁੱਕ ‘ਤੇ ਇੱਕ ਪ੍ਰੀਡੇਟਰ (ਬੱਚਿਆਂ ਨੂੰ ਆਨਲਾਈਨ ਭੁਚਲਾ ਕੇ, ਉਹਨਾਂ ਦਾ ਸ਼ੋਸ਼ਣ ਕਰਨ ਵਾਲੇ) ਵਲੋਂ ਤੰਗ ਕੀਤੇ ਜਾਣ ਬਾਅਦ ਖੁਦਕੁਸ਼ੀ ਕਰ ਲਈ ਸੀ।
ਉਸ ਨੇ ਕਿਹਾ, “ਉਹ ਇਸ ਨੂੰ ਅਚਾਨਕ ਕੀਤੀ ਖੁਦਕੁਸ਼ੀ ਕਹਿੰਦੇ ਹਨ। ਮੈਂ ਇਸ ਨੂੰ ਉਹੋ ਕਹਿੰਦੀ ਹਾਂ ਜੋ ਇਹ ਅਸਲ ਵਿੱਚ ਸੀ—ਇੱਕ ਅਜਿਹੇ ਸਿਸਟਮ ਦਾ ਅਨੁਮਾਨਿਤ ਨਤੀਜਾ ਜੋ ਬੱਚਿਆਂ ਦੀ ਬਜਾਏ ਕਾਰਪੋਰੇਸ਼ਨਾਂ ਦੀ ਰਾਖੀ ਕਰਦਾ ਹੈ।”
ਇਹ ਮੁਕੱਦਮਾ 2023 ਵਿੱਚ ਸ਼ੁਰੂ ਹੋਇਆ ਸੀ, ਵਿਸਲਬਲੋਅਰ ਫ੍ਰਾਂਸਿਸ ਹੌਗੇਨ ਵਲੋਂ ਅਮਰੀਕਾ ਦੀ ਸੈਨੇਟ ਦੀ ਕਮੇਟੀ ਨੂੰ ਇਹ ਦੱਸਣ ਤੋਂ ਦੋ ਸਾਲ ਬਾਅਦ ਕਿ ਮੈਟਾ ਜਾਣਦੀ ਸੀ ਕਿ ਉਸ ਦੇ ਪ੍ਰੋਡਕਟ ਬੱਚਿਆਂ ਲਈ ਅਸੁਰੱਖਿਅਤ ਸਨ ਅਤੇ ਇਹ ਵੀ ਜਾਣਦੀ ਸੀ ਕਿ ਉਨ੍ਹਾਂ ਨੂੰ ਸੁਰੱਖਿਅਤ ਕਿਵੇਂ ਬਣਾਉਣਾ ਹੈ, ਪਰ ਵਧੇਰੇ ਮੁਨਾਫਾ ਕਮਾਉਣ ਲਈ ਉਸ ਨੇ ਕੁੱਝ ਨਹੀਂ ਕੀਤਾ।
ਇਸ ਸਾਲ ਮਾਰਚ ਵਿੱਚ, ਲਾਸ ਏਂਜਲਸ ਦੀ ਇੱਕ ਜਿਊਰੀ ਨੇ ਮੈਟਾ ਅਤੇ ਗੂਗਲ ਨੂੰ ਇੱਕ 20 ਸਾਲਾ ਔਰਤ ਨੂੰ 60 ਲੱਖ (6 ਮਿਲੀਅਨ) ਅਮਰੀਕੀ ਡਾਲਰ ਦੇਣ ਦਾ ਹੁਕਮ ਦਿੱਤਾ ਸੀ। ਇਸ ਔਰਤ ਨੇ ਕਿਹਾ ਸੀ ਕਿ ਉਹ ਬਚਪਨ ਵਿੱਚ ਇੰਸਟਾਗ੍ਰਾਮ ਅਤੇ ਯੂਟਿਊਬ ਦੀ ਅਮਲੀ ਹੋ ਗਈ ਸੀ।
ਇਸ ਮਹੀਨੇ ਦੇ ਸ਼ੁਰੂ ਵਿੱਚ, ਨਿਊ ਮੈਕਸੀਕੋ ਦੇ ਇੱਕ ਜੱਜ ਨੇ ਸਟੇਟ ਦੇ ਅਟਾਰਨੀ ਜਨਰਲ ਵਲੋਂ ਇਸ ਦੇ ਪਲੇਟਫਾਰਮਾਂ ਨੂੰ ‘ਪਬਲਿਕ ਨਿਊਜ਼ਐਂਸ ਭਾਵ ਜਨਤਾ ਲਈ ਨੁਕਸਾਨਦੇਹ’ ਕਰਾਰ ਦਿੱਤੇ ਜਾਣ ਤੋਂ ਬਾਅਦ, ਮੈਟਾ ਨੂੰ ਅਲੱੜ੍ਹ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਕਰਨ ਲਈ 56 ਕ੍ਰੋੜ 70 ਲੱਖ (567 ਮਿਲੀਅਨ) ਅਮਰੀਕੀ ਡਾਲਰ ਭਰਨ ਦਾ ਹੁਕਮ ਦਿੱਤਾ ਸੀ।
ਟੇਨੇਸੀ ਦੇ ਅਟਾਰਨੀ ਜਨਰਲ ਨੇ ਵੀ ਇੰਸਟਾਗ੍ਰਾਮ ਬਾਰੇ ਅਜਿਹੇ ਹੀ ਦਾਅਵੇ ਕਰਦਿਆਂ ਮੈਟਾ ‘ਤੇ ਮੁਕੱਦਮਾ ਕੀਤਾ ਹੈ। ਉਸ ਮਾਮਲੇ ਦੀ ਸੁਣਵਾਈ ਨੈਸ਼ਵਿਲ ਵਿੱਚ ਚੱਲ ਰਹੀ ਹੈ।
(ਇਹ ਆਰਟੀਕਲ ਸੀ ਬੀ ਸੀ ਨਿਊਜ਼ ਦੇ ਸਾਈਟ `ਤੇ 18 ਅਗਸਤ, 2026 ਨੂੰ ਛਪਿਆ ਸੀ।)
ਮੈਟਾ ਵਿਰੁੱਧ ਮੁਕੱਦਮੇ ਦੀ ਸੁਣਵਾਈ ਸ਼ੁਰੂ

