ਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਫਰੇਜਰ ਵੈਲੀ ਇਲਾਕੇ ‘ਚ ਪੈਂਦੇ ਪਹਾੜ ਦੀ ਗੋਦ ‘ਚ ਫਰੇਜਰ ਦਰਿਆ ਦੇ ਕੰਢੇ ਵੱਸਦੇ ਸ਼ਹਿਰ ਦੇ ਦਸ਼ਮੇਸ਼ ਪੰਜਾਬੀ ਸਕੂਲ ਦੀ ਗਰਾਊਂਡ ਵਿੱਚ ‘ਫਰੇਜਰ ਵੈਲੀ ਫ਼ੀਲਡ ਹਾਕੀ ਕਲੱਬ’ ਵੱਲੋਂ ਲੜਕੀਆਂ ਦਾ ਪਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ 8 ਟੀਮਾਂ ਨੇ ਭਾਗ ਲਿਆ।
ਹਾਕੀ ਕਲੱਬ ਦੇ ਕੋਚ ਹਰਬੰਸ ਸਿੰਘ ਧੰਜਲ, ਜੋ ਕਿ ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਵੀ ਸਨ, ਉਨ੍ਹਾਂ ਦੇ ਉਪਰਾਲੇ ਸਦਕਾ ਹੋਏ ਇਸ ਟੂਰਨਾਮੈਂਟ ਬਾਰੇ ਉਨ੍ਹਾਂ ਨੇ ਪੰਜਾਬੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਲੜਕੀਆਂ ਦੇ ਟੂਰਨਾਮੈਂਟ ਦੀ ਸ਼ੁਰੂਆਤ ਕਰਨੀ ਚਾਹੁੰਦੇ ਸਨ ਪਰ ਕੁਝ ਹਾਲਾਤਾਂ ਦੇ ਕਾਰਨ ਇਹ ਟੂਰਨਾਮੈਂਟ 4 ਸਾਲ ਦੇਰੀ ਨਾਲ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਲਈ ਕਿਸੇ ਸੰਸਥਾ ਜਾਂ ਕਿਸੇ ਵਪਾਰੀ ਵਰਗ ਤੋਂ ਕਿਸੇ ਤਰਾਂ ਦੀਆਂ ਆਰਥਿਕ ਮਦਦ ਨਹੀਂ ਲਈ ਗਈ।
15 ਅਤੇ 16 ਅਗਸਤ ਨੂੰ ਖੇਡੇ ਗਏ ਇਸ ਟੂਰਨਾਮੈਂਟ ਨੂੰ ਦੋ ਭਾਗਾਂ ਵਿੱਚ ਵੰਡ ਕੇ ਛੋਟੇ ਵੱਡੇ ਸਾਰੀਆਂ ਖਿਡਾਰਨਾਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ। ਪਹਿਲੇ ਗਰੁੱਪ ਨੂੰ ਪ੍ਰੀਮੀਅਮ ਦੇ ਨਾਂ ਨਾਲ ਦਰਸਾਇਆ ਗਿਆ ਅਤੇ ਦੂਜੇ ਗਰੁੱਪ ਨੂੰ ਕੰਪੀਟੀਟਿਵ ਵੱਜੋਂ ਖਿੰਡਾਇਆ ਗਿਆ।
ਪ੍ਰੀਮੀਅਮ ਗਰੁੱਪ ਵਿੱਚੋਂ ਪੂਮਾਂ ਫੀਲਡ ਹਾਕੀ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਲਾਇਨਜ ਹਾਕੀ ਕਲੱਬ ਦੂਜੇ ਸਥਾਨ ‘ਤੇ ਰਿਹਾ। ਕੰਪੀਟੀਟਿਵ ਗਰੁੱਪ ਵਿੱਚੋਂ ਵੌਲਵਰੀਨ ਹਾਕੀ ਕਲੱਬ ਨੇ ਜਿੱਤ ਪ੍ਰਾਪਤ ਕੀਤੀ ਅਤੇ ਫਰੇਜਰ ਵੈਲੀ ਹਾਕੀ ਕਲੱਬ ਨੂੰ ਦੂਜੇ ਸਥਾਨ ‘ਤੇ ਰਹਿ ਕੇ ਸਬਰ ਕਰਨਾ ਪਿਆ।
ਬੜੇ ਮਾਣ ਵਾਲੀ ਗੱਲ ਹੈ ਨੇ ਫਰੇਜਰ ਵੈਲੀ ਫ਼ੀਲਡ ਹਾਕੀ ਕਲੱਬ ਦੀ ਮੈਂਬਰ ਪੁਨੀਤ ਲਿੱਟ ਜੋ ਕਿ ਕੈਨੇਡਾ ਦੀ ਨੈਸ਼ਨਲ ਟੀਮ ਦੀ ਖਿਡਾਰਨ ਹੈ ਨੇ ਇਸ ਟੂਰਨਾਮੈਂਟ ‘ਚ ਉਚੇਚੇ ਤੌਰ ‘ਤੇ ਭਾਗ ਲੈਂਦਿਆਂ ਆਪਣੀ ਖੇਡ ਦੇ ਚੰਗੇ ਕਰਤੱਵ ਵਿਖਾਏ।
ਇਸ ਮੌਕੇ ਵੌਲਵਰੀਨ ਹਾਕੀ ਕਲੱਬ ਦੀ ਗੋਲੀਕੀਪਰ ਸੀਰਤ ਕੌਰ ਸੰਧੂ ਅਤੇ ਪੂਮਾਂ ਕਲੱਬ ਦੀ ਖਿਡਾਰਨ ਅਵੀਨਾਜ ਕੌਰ ਭੁੱਲਰ ਨੂੰ ਆਪਣੀ ਖੇਡ ‘ਚ ਉੱਤਮ ਪ੍ਰਦਰਸ਼ਨ ਕਰਨ ਉਪਰੰਤ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਇਨਾਮ ਵੰਡ ਸਮਾਰੋਹ ਸਮੇਂ ਡਾ. ਜਤਿੰਦਰਪਾਲ ਸਿੰਘ ਮੂੰਡੀ ਅਤੇ ਰਾਜੂ ਲਿੱਟ ਦੇ ਇਨਾਮਾਂ ਦੀ ਵੰਡ ਕੀਤੀ। ਸਟੇਜ ਦੀ ਜਿੰਮੇਵਾਰੀ ਗੁਰਪ੍ਰੀਤ ਸਿੰਘ ਚਾਹਲ ਨੇ ਬੜੀ ਬਖੂਬੀ ਨਾਲ ਨਿਭਾਈ।
ਅਖੀਰ ਵਿੱਚ ਹਰਬੰਸ ਸਿੰਘ ਧੰਜਲ ਅਤੇ ਗੁਰਪ੍ਰੀਤ ਸਿੰਘ ਚਾਹਲ ਨੇ ਸਾਰੀਆਂ ਟੀਮਾਂ ਅਤੇ ਉਨ੍ਹਾਂ ਦੇ ਨਾਲ ਆਏ ਮਾਪਿਆਂ ਅਤੇ ਕੋਚਾਂ ਤੋਂ ਇਲਾਵਾ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਫਰੇਜਰ ਵੈਲੀ ਫ਼ੀਲਡ ਹਾਕੀ ਕਲੱਬ ਵੱਲੋਂ ਲੜਕੀਆਂ ਦਾ ਪਹਿਲਾ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

