15.6 C
Vancouver
Monday, September 7, 2026

ਦੋਸਤੀ ਦਾ ਮਹੱਤਵ ਅਤੇ ਸਾਡੀ ਸਮਾਜਿਕਤਾ

ਮਲਵਿੰਦਰ
ਫੋਨ:+1 365 994 4744
ਮੇਰੇ ਬਚਪਨ ਦੀ ਪ੍ਰਾਪਤੀ ਸ਼ਾਇਦ ਇਹ ਰਹੀ ਕਿ ਮੈਨੂੰ ਚੰਗੇ ਦੋਸਤ ਮਿਲੇ। ਛੱਜਲਵੱਡੀ ਪਿੰਡ ਦੀ ਜਿਸ ਪੱਕੀ ਗਲ਼ੀ ਦੇ ਇੱਕ ਘਰ ‘ਚ ਮੈਂ ਜੰਮਿਆ, ਪਲਿਆ ਤੇ ਵੱਡਾ ਹੋਇਆ, ਉਸ ਦੇ ਸੱਜੇ, ਖੱਬੇ ਦੋ ਘਰਾਂ ‘ਚ ਮੈਥੋਂ ਸਾਲ ਵੱਡੇ ਦੋ ਦੋਸਤ ਵੀ ਮੇਰੇ ਨਾਲ਼ ਹੀ ਵੱਡੇ ਹੋਏ। ਉਮਰ ਵਿਚ ਉਹ ਮੈਥਂੋ ਸਾਲ ਵੱਡੇ ਸਨ, ਪਰ ਸੂਝ, ਸਮਝ ਅਤੇ ਲਿਆਕਤ ਵਿਚ ਕਈ ਵਰ੍ਹੇ ਵੱਡੇ ਸਨ। ਉਹ ਵੱਡੇ ਭਰਾ ਵਾਲ਼ੀ ਝਿੜਕ ਵੀ ਮਾਰ ਦਿੰਦੇ ਤੇ ਕਦੀਕਦੀ ਮਾਪਿਆਂ ਵਾਲ਼ਾ ਫ਼ਰਜ਼ ਵੀ ਨਿਭਾ ਦਿੰਦੇ। ਉਨ੍ਹਾਂ ਵਿਚੋਂ ਇੱਕ ਨੇ ਮੈਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਲੜ ਲਾਇਆ ਤੇ ਦੂਜੇ ਨੇ ਸਾਹਿਤ ਦੀਆਂ ਕਿਤਾਬਾਂ ਦੇ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਮੈਂ ਉਨ੍ਹਾਂ ਕਰਕੇ ਹੀ ਜਲੰਧਰ, ਚੰਡੀਗੜ੍ਹ, ਡਲਹੌਜ਼ੀ ਤੇ ਸ਼ਿਮਲੇ ਸਮੇਤ ਬਹੁਤ ਸਾਰੀਆਂ ਥਾਵਾਂ ‘ਤੇ ਘੁੰਮ ਸਕਿਆ। ਬਰਸਾਤਾਂ ਵਿਚ ਤ੍ਰਿਪ-ਤ੍ਰਿਪ ਚੋਂਦੀ ਕੱਚੀ ਕੋਠੜੀ ‘ਚੋਂ ਨਿਕਲ ਬਰੈਂਪਟਨ ਦੇ ਇਸ ਚੰਗੇ ਭਲੇ ਘਰ ਵਿਚ ਬੈਠਾ ਹੁਣ ਇਹ ਲੇਖ ਲਿਖ ਰਿਹਾ ਹਾਂ। ਅੱਜ ਉਮਰ ਦੇ ਇਸ ਪੜਾਅ ‘ਤੇ ਪਹੁੰਚ ਕੇ ਹੀ ਸਮਝ ਆਇਆ ਹੈ ਕਿ ਚੰਗਾ ਦੋਸਤ ਉਹ ਹੁੰਦਾ ਹੈ ਜੋ ਤੁਹਾਡੀਆਂ ਤੰਗੀਆਂ-ਤੁਰਸ਼ੀਆਂ ਤੇ ਬਹੁਤ ਸਾਰੇ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ ਸਾਰੀ ਉਮਰ ਤੁਹਾਡੇ ਨਾਲ਼ ਨਿਭਦਾ ਹੈ। ਵਫ਼ਾਦਾਰੀ, ਆਪਸੀ ਵਿਸ਼ਵਾਸ ਤੇ ਗਹਿਰੀ ਭਾਵਨਾਤਮਿਕ ਸਾਂਝ ਰੱਖਣ ਵਾਲ਼ਾ ਇਨਸਾਨ ਹੀ ਚੰਗਾ ਦੋਸਤ ਹੋ ਸਕਦਾ ਹੈ। ਚੰਗਾ ਦੋਸਤ ਉਹ ਹੁੰਦਾ ਹੈ ਜਿਸ ਨਾਲ਼ ਪ੍ਰਾਪਤੀਆਂ ਤੇ ਸਫ਼ਲਤਾਵਾਂ ਦੇ ਨਾਲ਼-ਨਾਲ਼ ਕਮੀਨਗੀਆਂ ਤੇ ਕਮਜ਼ੋਰੀਆਂ ਵੀ ਸਾਂਝੀਆਂ ਕੀਤੀਆਂ ਜਾ ਸਕਣ। ਜਿਸ ਨੂੰ ਮਿਲ ਕੇ ਤੁਹਾਨੂੰ ਚਾਅ ਚੜ੍ਹ ਜਾਵੇ, ਤੁਹਾਡੇ ਅੰਦਰ ਪਈਆਂ ਬਹੁਤ ਸਾਰੀਆਂ ਗੱਲਾਂ ਸਾਉਣ ਮਹੀਨੇ ਦੇ ਛਰਾਟੇ ਵਾਂਗ ਵਰ੍ਹ ਪੈਣ, ਤੁਹਾਡੇ ਚੇਤੇ ਸੱਜਰੇ ਹੋ ਜਾਣ, ਖ਼ਾਲੀ ਜੇਬ ਭਰੀ-ਭਰੀ ਲੱਗੇ, ਸ਼ਿਕਵੇ-ਸ਼ਿਕਾਇਤਾਂ ਗੀਤਾਂ ‘ਚ ਢਲ਼ ਜਾਣ, ਫ਼ੁਰਨਿਆਂ ‘ਚ ਕਵਿਤਾਵਾਂ ਪ੍ਰਵਾਜ਼ ਭਰਨ ਤਾਂ ਸਮਝੋ ਮਿਲਣ ਆਇਆ ਤੁਹਾਡੇ ਸਭ ਤੋਂ ਚੰਗੇ ਦੋਸਤਾਂ ਵਿਚੋਂ ਇੱਕ ਹੈ। ਬਚਪਨ ਦੀ ਦੋਸਤੀ ਤੋਂ ਬਾਅਦ ਵੀ ਸਕੂਲਕਾਲਜ ਪੜ੍ਹਦਿਆਂ ਤੇ ਫਿਰ ਨੌਕਰੀ ਕਰਦਿਆਂ ਕੁਝ ਦੋਸਤ ਤੁਹਾਡੀ ਹੋਂਦ ਦਾ ਹਿੱਸਾ ਬਣਦੇ ਰਹਿੰਦੇ ਹਨ। ਸਰਕਾਰੀ ਨੌਕਰੀ ਦੌਰਾਨ ਮੈਂ ਜਿਸ ਪਹਿਲੇ ਸਕੂਲ ਵਿਚ ਪ੍ਰਵੇਸ਼ ਕੀਤਾ, ਉਥੋਂ ਦਾ ਸਾਰਾ ਸਟਾਫ਼ ਆਪਸ ਵਿਚ ਦੋਸਤ ਸਨ। ਸਾਰਿਆਂ ਦੇ ਇੱਕ ਦੂਜੇ ਨਾਲ਼ ਪਰਿਵਾਰਕ ਰਿਸ਼ਤੇ ਸਨ। ਮੈਂ ਉਨ੍ਹਾਂ ਦਾ ਇੱਕ ਨਵਾਂ ਤੇ ਨੌਜਵਾਨ ਦੋਸਤ ਸਾਂ। ਉਨ੍ਹਾਂ ਦੇ ਵਿਹਾਰ ਤੋਂ ਇੰਝ ਲੱਗਾ ਜਿਵੇਂ ਉਹ ਮੈਨੂੰ ਵਰਿ੍ਹਆਂ ਤੋਂ ਉਡੀਕ ਰਹੇ ਹੋਣ। ਓਦੋਂ ਮੇਰੇ ਬਾਪ ਮਰੇ ਨੂੰ ਥੋੜ੍ਹਾ ਚਿਰ ਈ ਹੋਇਆ ਸੀ। ਪੰਜ ਭੈਣ-ਭਰਾਵਾਂ ‘ਚੋਂ ਅਜੇ ਇੱਕ ਭੈਣ ਹੀ ਵਿਆਹੀ ਸੀ| ਛੋਟੇ ਭੈਣਭਰਾ ਅਜੇ ਸਕੂਲ ਵਿਚ ਪੜ੍ਹਦੇ ਸਨ। ਇਨ੍ਹਾਂ ਨਵੇਂ ਦੋਸਤਾਂ ਨੇ ਮੈਨੂੰ ਕਦੇ ਵੀ ਪਿਉ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇਨ੍ਹਾਂ ਵਿਚੋਂ ਹੀ ਇੱਕ ਦੋਸਤ ਨੇ ਸ਼ਹਿਰ ਵਿਚ ਆਪਣਾ ਘਰ ਬਣਾਉਣ ਵਿਚ ਮੇਰੀ ਅਗਵਾਈ ਕੀਤੀ। ਉਨ੍ਹਾਂ ਮੈਨੂੰ ਹਮੇਸ਼ਾ ਇਹ ਅਹਿਸਾਸ ਕਰਵਾਇਆ ਕਿ ਮੈਂ ਸਹੀ ਤੇ ਬਿਹਤਰ ਹਾਂ| ਇਨ੍ਹਾਂ ਦੋਸਤਾਂ ਨੇ ਹੀ ਮੈਨੂੰ ਦੂਜਿਆਂ ਦੀ ਰਾਏ ਦਾ ਸਤਿਕਾਰ ਕਰਨਾ ਸਿਖਾਇਆ। ਜ਼ਿੰਦਗੀ ਵਿਚ ਆਪਣੇ ਦੋਸਤਾਂ ਕੋਲ਼ੋਂ ਮੈਂ ਬਹੁਤ ਕੁਝ ਸਿਖਿਆ ਹੈ। ਮੈਂ ਜਾਣਿਆ ਕਿ ਕਿਸੇ ਨੂੰ ਧਿਆਨ ਨਾਲ਼ ਸੁਣਨਾ ਵੀ ਦੋਸਤੀ ਲਈ ਹੁੰਗਾਰਾ ਭਰਨਾ ਹੈ। ਲੋਕਾਂ ਨਾਲ਼ ਲੋਕਾਂ ਬਾਰੇ ਗੱਲਾਂ ਕਰਨੀਆਂ ਵੀ ਦੋਸਤੀ ਨੂੰ ਸੱਦਾ ਦੇਣਾ ਹੈ| ਇਹ ਵੀ ਸਿਖਿਆ ਕਿ ਹੱਸਦੇ ਚਿਹਰੇ ਕੋਲ਼ ਬਹੁਤ ਸ਼ਕਤੀ ਹੁੰਦੀ ਹੈ। ਚੰਗੇ ਦੋਸਤ ਬਣਾਉਣ ਦਾ ਹੁਨਰ ਵੀ ਸਿਖਿਆ। ਮਾੜੇ ਦੋਸਤਾਂ ਕੋਲ਼ੋਂ ਕਿਨਾਰਾ ਕਰਨਾ ਵੀ ਸਿਖਿਆ। ਇੱਕ ਹੋਰ ਦੋਸਤ ਦੀ ਗੱਲ ਕਰਦੇ ਹਾਂ। ਸਕੂਲ ਵਿਚ ਨਾਲ਼ ਹੀ ਪੜ੍ਹਦਾ ਸੀ। ਕਾਲਜ ਵੀ ਇਕੱਠੇ ਦਾਖ਼ਲ ਹੋਏ। ਜੱਦੀ-ਪੁਸ਼ਤੀ ਸਰਦਾਰ ਪੰਜਾਹ ਕਿਲਿਆਂ ਦਾ ਮਾਲਕ। ਉਸਦੇ ਬਾਪ ਦੀ ਛੋਟੀ ਉਮਰੇ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ। ਸਾਡਾ ਦੋਸਤ ਜਦੋਂ ਹੁੰਦੜ-ਹੇਲ ਹੋਇਆ ਤਾਂ ਜੱਦੀ-ਪੁਸ਼ਤੀ ਸਰਦਾਰੀ ਸਿਰ ਨੂੰ ਚੜ੍ਹ ਗਈ। ਨਸ਼ਿਆਂ ਤੇ ਔਰਤਾਂ ਦਾ ਆਦੀ ਹੋ ਗਿਆ। ਜਿਸ ਦਿਨ ਇੱਕ ਸੜਕ ਹਾਦਸੇ ਵਿਚ ਮਰਿਆ, ਪੰਜਾਹ ਕਿਲਿਆਂ ‘ਚੋਂ ਕੁਝ ਕਨਾਲਾਂ ਹੀ ਬਚੀ ਹੋਣੀ। ਮੈਂ ਕਿਉਂਕਿ ਕਾਲਜ ਪੜ੍ਹਦਿਆਂ ਹੀ ਉਸ ਤੋਂ ਕਿਨਾਰਾ ਕਰ ਗਿਆ ਸਾਂ, ਅੱਜ ਇਹ ਬਿਰਤਾਂਤ ਤੁਹਾਡੇ ਨਾਲ਼ ਸਾਂਝਾ ਕਰ ਰਿਹਾ ਹਾਂ। ਮੈਨੂੰ ਲੱਗਦਾ ਚੰਗੇ ਦੋਸਤ ਨੂੰ ਕਿਸੇ ਇੱਕ ਪਰਿਭਾਸ਼ਾ ਵਿਚ ਨਹੀਂ ਬੰਨਿ੍ਹਆਂ ਜਾ ਸਕਦਾ। ਚੰਗੇ ਦੋਸਤ ਦਾ ਅਹਿਸਾਸ ਹੀ ਤੁਹਾਨੂੰ ਸਰਸ਼ਾਰ ਕਰੀ ਰੱਖਦਾ ਹੈ। ਔਖੇ ਵੇਲ਼ੇ ਉਹ ਤੁਹਾਡੀ ਧਿਰ ਬਣਦਾ ਹੈ ਤੇ ਖ਼ੁਸ਼ੀ ਦੇ ਮੌਕੇ ਤੁਹਾਡੇ ਚਾਅ ਦਾ ਭਾਈਵਾਲ਼ ਹੁੰਦਾ ਹੈ। ਉਸ ਉਪਰ ਵਿਸ਼ਵਾਸ ਕੀਤਾ ਜਾ ਸਕਦਾ ਹੈ| ਉਸ ਦੇ ਸਾਹਮਣੇ ਬਗੈਰ ਕਿਸੇ ਓਹਲੇ ਦੇ ਜਾਇਆ ਜਾ ਸਕਦਾ ਹੈ। ਲੋੜ ਵੇਲ਼ੇ ਉਹ ਤੁਹਾਡਾ ਏ.ਟੀ.ਐਮ. ਹੁੰਦਾ ਹੈ। ਉਦਾਸ ਵੇਲਿਆਂ ‘ਚ ਉਹ ਤੁਹਾਡਾ ਰੱਬ ਬਣ ਬਹੁੜਦਾ ਹੈ| ਉਸ ਕੋਲ਼ੋਂ ਜੀਵਨ ਦੇ ਜਟਿਲ ਵਰਤਾਰਿਆਂ ‘ਚ ਕੋਈ ਵੀ ਸਲਾਹ ਲਈ ਜਾ ਸਕਦੀ ਹੈ। ਤੁਹਾਡੀ ਬਿਮਾਰੀ ‘ਚ ਉਹ ਤਬੀਬਾ ਬਣ ਬਹੁੜਦਾ ਹੈ। ਤੁਹਾਡੇ ਦੁਆਰਾ ਲਏ ਗਏ ਗਲਤ ਫ਼ੈਸਲਿਆਂ ਦਾ ਉਸ ਕੋਲ ਤਾਰਕਿਕ ਹੱਲ ਮੌਜੂਦ ਹੁੰਦਾ ਹੈ| ਚੰਗੇ ਦੋਸਤ ਵਿਚੋਂ ਦੋਸਤੀ ਦੀ ਝਲਕ ਪੈਂਦੀ ਹੈ। ਦੁੱਖ-ਸੁਖ ਦੇ ਸਾਲਾਂ ਦੌਰਾਨ ਤੁਹਾਡੀ ਨੇੜਤਾ ਵਧਦੀ ਹੈ। ਅਜਿਹਾ ਦੋਸਤ ਨਾਲ਼ ਹੋਵੇ ਤਾਂ ਹਵਾ ਉਸ ਦੇ ਪਿੰਡ ਵੱਲੋਂ ਆਉਂਦੀ ਲੱਗਦੀ ਹੈ। ਸਾਰੇ ਰਾਹ ਦੋਸਤਾਂ ਦੇ ਮਿਲਣ ਬਿੰਦੂ ‘ਤੇ ਰੁਕਦੇ ਹਨ। ਲੱਗਦਾ ਜਿਵੇਂ ਸੂਰਜ ਸਾਡੇ ਹੀ ਚਿਹਰਿਆਂ ‘ਤੇ ਚਮਕ ਰਿਹਾ ਹੋਵੇ, ਬਾਰਸ਼ ਸਾਡੇ ਹੀ ਖੇਤਾਂ ਨੂੰ ਸਿੰਜ ਰਹੀ ਹੋਵੇ। ਚੰਗੇ ਦੋਸਤਾਂ ਦੇ ਰਾਹ ‘ਚ ਪੂੰਜੀ ਕਦੇ ਵੀ ਰੁਕਾਵਟ ਨਹੀਂ ਬਣਦੀ। ਸੱਚੀ ਦੋਸਤੀ ਨਿਰਸੁਆਰਥ ਹੁੰਦੀ ਹੈ। ਦੋਸਤੀਆਂ ਪਰਿਵਾਰ ਤੋਂ ਬਾਹਰ ਇੱਕ ਨਵਾਂ ਭਾਈਚਾਰਾ ਸਿਰਜਦੀਆਂ ਹਨ| ਚੰਗੀਆਂ ਦੋਸਤੀਆਂ ‘ਚ ਘਿਰੇ ਬੰਦੇ ਨੂੰ ਨਵੀਂ ਪਛਾਣ ਮਿਲਦੀ ਹੈ। ਇੱਕ ਸੁਰੱਖਿਆ ਦੀ ਭਾਵਨਾ ਬੰਦੇ ਅੰਦਰ ਅੰਗੜਾਈ ਲੈਂਦੀ ਹੈ| ਵਿਸ਼ਵਾਸ ਦੇ ਕਦਮ ਉਸਦੇ ਨਾਲ਼ ਤੁਰਦੇ ਹਨ। ਬੰਦੇ ਦਾ ਆਪਣੇ-ਆਪ ‘ਤੇ ਭਰੋਸਾ ਵਧਦਾ ਹੈ। ਬਹੁਤ ਸਾਰੇ ਵਿਚਾਰ, ਰਾਵਾਂ ਤੇ ਸੋਚਾਂ ਦਾ ਜੰਮਘਟਾ ਤੁਹਾਡੇ ਵਿਅਕਤੀਤਵ ਦਾ ਹਿੱਸਾ ਬਣਦੇ ਹਨ। ਤੁਹਾਡੇ ਸੋਚਣ, ਵਿਚਰਨ ਦਾ ਘੇਰਾ ਫੈਲਦਾ ਹੈ। ਬਹੁਤ ਸਾਰੇ ਪਿੰਡ, ਸ਼ਹਿਰ ਤੇ ਦੇਸ਼ ਤੁਹਾਡੇ ਆਪਣੇ ਹੋ ਜਾਂਦੇ ਹਨ। ਰਾਜਨੀਤੀ ਵਿਚ ਦੋਸਤੀ ਦੇ ਅਰਥ ਬਿਲਕੁਲ ਭਿੰਨ ਹੋ ਜਾਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਦੋਸਤੀ ਦੇ ਇਹ ਅਰਥ ਸਾਡੇ ਸਮਾਜਿਕ ਜੀਵਨ ਵਿਚ ਵੀ ਪ੍ਰਵੇਸ਼ ਕਰ ਗਏ ਹਨ। ਸੁਆਰਥ ਹੁਣ ਕਿਸੇ ਨਾਲ਼ ਨੇੜਤਾ ਜਾਂ ਦੋਸਤੀ ਕਰਨ ਦਾ ਸਾਡਾ ਗੁਪਤ ਏਜੰਡਾ ਹੋ ਗਿਆ ਹੈ। ਤੁਹਾਡਾ ਅਹੁਦਾ, ਰੁਤਬਾ ਤੇ ਆਰਥਿਕਤਾ ਦੋਸਤੀ ਕਰਨ ਦਾ ਆਧਾਰ ਬਣ ਗਿਆ ਹੈ। ਇਸੇ ਲਈ ਕਹਿੰਦੇ ਹਨ ਕਿ ਚੰਗੇ ਦੋਸਤ ਦੀ ਪਛਾਣ ਔਖੇ ਵੇਲ਼ੇ ਹੁੰਦੀ ਹੈ। ਸੁਆਰਥੀ ਕਿਸਮ ਦੇ ਲੋਕ ਤੁਹਾਡੇ ਮਾੜੇ ਦਿਨਾਂ ਵਿਚ ਬਿਨਾਂ ਦੇਰੀ ਕੀਤਿਆਂ ਕਿਨਾਰਾ ਕਰ ਜਾਂਦੇ ਹਨ। ਸੱਚੇ ਦੋਸਤ ਔਖੇ ਵੇਲ਼ੇ ਤੁਹਾਡੀ ਬਾਂਹ ਫੜਦੇ ਹਨ। ਇਸ ਲਈ ਦੋਸਤੀ ਕਰਨ ਤੋਂ ਪਹਿਲਾਂ ਅਗਲੇ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਰਾਜਨੀਤਕ ਖੇਤਰ ਵਿਚ ਕੋਈ ਕਿਸੇ ਦਾ ਮਿੱਤ ਨਹੀਂ ਹੁੰਦਾ। ਨਿੱਤ ਦਿਨ ਪਾਰਟੀਆਂ ਬਦਲ ਦੇ ਲੋਕ ਇਸ ਵਰਤਾਰੇ ਦੀ ਨੰਗੀ-ਚਿੱਟੀ ਉਦਾਹਰਣ ਹੈ। ਨੇਤਾਵਾਂ ਵੱਲੋਂ ਲੋਕਾਂ ਨਾਲ਼ ਹੇਜ ਜਤਾ ਕੇ ਝੂਠੇ ਵਾਅਦੇ ਕੀਤੇ ਜਾਂਦੇ ਹਨ। ਦੋਸਤੀ ਦੀ ਆੜ ਵਿਚ ਕੁਝ ਲੋਕ ਤੁਹਾਡੇ ਘਰ ਵਿਚਲੀਆਂ ਧੀਆਂ-ਭੈਣਾ ‘ਤੇ ਮਾੜੀ ਨਜ਼ਰ ਰੱਖਦੇ ਹਨ। ਤੁਹਾਡੇ ਅਹੁਦੇ, ਰੁਤਬੇ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਅਸਲ ਵਿਚ ਉਹ ਤੁਹਾਡੀ ਕਿਰਦਾਰਕੁਸ਼ੀ ਕਰ ਰਹੇ ਹੁੰਦੇ ਹਨ। ਜਦ ਤੱਕ ਤੁਹਾਨੂੰ ਸਮਝ ਪੈਂਦੀ ਹੈ, ਗੱਲ ਬਹੁਤ ਦੂਰ ਨਿਕਲ ਚੁੱਕੀ ਹੁੰਦੀ ਹੈ। ਚੰਗੀ ਦੋਸਤੀ ਜਾਇਜ਼ ਰਿਸ਼ਤੇ ਸਿਰਜਦੀ ਹੈ। ਸਬੰਧਾਂ ਵਿਚ ਨਿੱਘ ਤੇ ਮੋਹ ਦਾ ਪ੍ਰਵੇਸ਼ ਹੁੰਦਾ ਹੈ। ਕਿਸੇ ਓਹਲੇ ਦੀ ਲੋੜ ਨਹੀਂ ਰਹਿੰਦੀ। ਕੋਈ ਡਰ ਤੁਹਾਡਾ ਪਿੱਛਾ ਨਹੀਂ ਕਰਦਾ। ਤੁਸੀਂ ਮਾਣਮੱਤੇ ਅਹਿਸਾਸ ਨਾਲ਼ ਭਰੇ ਰਹਿੰਦੇ ਓ। ਦੋਸਤਾਂ ਦੀ ਭੀੜ ਰੌਣਕ ਲਾਈ ਰੱਖਦੀ ਹੈ। ਮਾੜੇ ਦੋਸਤ ਨਾਜਾਇਜ਼ ਰਿਸ਼ਤਿਆਂ ਨੂੰ ਉਤਸ਼ਾਹਤ ਕਰਦੇ ਹਨ। ਤੁਹਾਡੀਆਂ ਸੋਚਾਂ ਦੂਸ਼ਿਤ ਹੁੰਦੀਆਂ ਹਨ। ਪਰਿਵਾਰਕ ਰਿਸ਼ਤੇ ਟੁੱਟਦੇ, ਬਿਖਰਦੇ ਹਨ। ਹੀਣ-ਭਾਵ ਤੁਹਾਡੇ ਅੰਦਰ ਕਿਸੇ ਰੋਗ ਵਾਂਗ ਬੈਠ ਜਾਂਦਾ ਹੈ। ਝੂਠ ਬੋਲਣਾ ਤੁਹਾਡਾ ਵਿਹਾਰ ਬਣ ਜਾਂਦਾ ਹੈ। ਦੋਸਤ ਤੁਹਾਡੇ ਉਪਰ ਵਿਸ਼ਵਾਸ ਨਹੀਂ ਕਰਦੇ। ਹੌਲੀਹੌਲੀ ਤੁਸੀਂ ਕੱਲੇ ਰਹਿ ਜਾਂਦੇ ਓ। ਚੰਗੇ ਦੋਸਤ ਉਸਾਰੂ ਸਲਾਹ ਦਿੰਦੇ ਹਨ, ਸਿਹਤਮੰਦ ਆਦਤਾਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਤੁਹਾਨੂੰ ਹੋਰ ਬਿਹਤਰ ਹੋਣ ਦੀ ਨਸੀਹਤ ਦਿੰਦੇ ਹਨ। ਚੰਗੀ ਦੋਸਤੀ ਜ਼ਿੰਦਗੀ ਨੂੰ ਆਨੰਦ ਨਾਲ਼ ਭਰ ਦਿੰਦੀ ਹੈ। ਚੰਗੇ ਦੋਸਤ ਦੀ ਭਾਲ਼ ਸੌਖੀ ਨਹੀਂ ਹੁੰਦੀ। ਸਮਾਜਕ ਵਰਤਾਰੇ ਵਿਚ ਹੋਰ ਸਭ ਰਿਸ਼ਤੇ ਸਾਡੀ ਚੋਣ ਨਹੀਂ ਹੁੰਦੇ। ਸਿਰਫ ਦੋਸਤੀ ਹੀ ਅਜਿਹਾ ਰਿਸ਼ਤਾ ਹੈ ਜਿਸ ਦੀ ਚੋਣ ਅਸੀਂ ਖੁਦ ਕਰ ਸਕਦੇ ਹਾਂ। ਇਸ ਚੋਣ ਵਿਚ ਕਦੀ ਧੋਖਾ ਨਾ ਖਾਈਏ। ਚੰਗੇ ਦੋਸਤ ਚੁਣੀਏ, ਬਿਹਤਰ ਜੀਵਨ ਜੀਵੀਏ। ਇਹ ਜੀਵਨ ਦਾ ਇੱਕ ਸਧਾਰਣ ਜਿਹਾ ਫ਼ਲਸਫਾ ਹੈ। ਦੋਸਤ ਦੀ ਗਲਤ ਚੋਣ ਤੁਹਾਨੂੰ ਬਿਖਮ ਰਾਹਾਂ ਦਾ ਪਾਂਧੀ ਬਣਾ ਦੇਵੇਗੀ।

ਰੁਝਾਨ ਖਬਰਾਂ