16.3 C
Vancouver
Monday, September 7, 2026

ਦੇਸ਼ ਭਰ ਵਿੱਚ ਜੰਗਲੀ ਅੱਗਾਂ ਦਾ ਕਹਿਰ, 582 ਥਾਵਾਂ ਉੱਤੇ ਅੱਗ ਸਰਗਰਮ

4 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਸੜ ਕੇ ਸੁਆਹ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਵਿੱਚ ਜੰਗਲੀ ਅੱਗ ਦੀਆਂ ਘਟਨਾਵਾਂ ਦਾ ਕਹਿਰ ਜਾਰੀ ਹੈ ਅਤੇ ਪੂਰੇ ਦੇਸ਼ ਵਿੱਚ 4 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਸੜ ਕੇ ਸੁਆਹ ਹੋ ਚੁੱਕਾ ਹੈ। ਐਮਰਜੈਂਸੀ ਪ੍ਰਬੰਧਨ ਮੰਤਰੀ ਐਲਨੋਰ ਓਲਸੇਵਸਕੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਅਜੇ ਵੀ ਜੰਗਲੀ ਅੱਗ ਦੇ ਸੀਜ਼ਨ ਦੇ ਵਿਚਕਾਰ ਹਾਂ ਅਤੇ ਕਈ ਭਾਈਚਾਰੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਨੈਚੁਰਲ ਰਿਸੋਰਸਿਜ਼ ਕੈਨੇਡਾ ਦੇ ਮੁਤਾਬਕ, ਇਸ ਸਮੇਂ ਦੇਸ਼ ਭਰ ਵਿੱਚ 582 ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 31 ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਇਹ ਸਾਲ ਚੁਣੌਤੀਪੂਰਨ ਹੈ, ਪਰ 2026 ਦਾ ਸੀਜ਼ਨ 2025 ਜਿੰਨਾ ਭਿਆਨਕ ਨਹੀਂ ਹੈ, ਜਦੋਂ 8.3 ਮਿਲੀਅਨ ਹੈਕਟੇਅਰ ਰਕਬਾ ਸੜ ਗਿਆ ਸੀ। ਮੰਤਰੀ ਓਲਸੇਵਸਕੀ ਨੇ ਕਿਹਾ ਕਿ ਜੁਲਾਈ ਦੇ ਮਹੀਨੇ ਵਿੱਚ ਅੱਗ ਦੀਆਂ ਘਟਨਾਵਾਂ ਬਹੁਤ ਤੇਜ਼ ਹੋਈਆਂ ਸਨ ਅਤੇ ਦੇਸ਼ ਭਰ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਮਰਲੈਂਡ ਦੇ ਵਸਨੀਕ ਬਾਲਡ ਰੇਂਜ ਦੀ ਅੱਗ ਕਾਰਨ ਘਰ ਛੱਡਣ ਮਗਰੋਂ ਹੁਣ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਇਹ ਅੱਗ 21,000 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫੈਲੀ ਹੋਈ ਹੈ ਅਤੇ ਇਸ ਕਾਰਨ ਲਗਭਗ 150 ਇਮਾਰਤਾਂ ਤਬਾਹ ਹੋਈਆਂ ਹਨ। ਬੀ.ਸੀ. ਵਿੱਚ ਅੱਗ ਬੁਝਾਉਣ ਲਈ ਮੈਕਸੀਕੋ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੋਸਟਾਰੀਕਾ ਤੋਂ 500 ਤੋਂ ਵੱਧ ਅੰਤਰਰਾਸ਼ਟਰੀ ਫਾਇਰਫਾਈਟਰ ਮਦਦ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਵੀ ਜੰਗਲੀ ਅੱਗ ਦਾ ਸੀਜ਼ਨ ਕਾਫੀ ਖਤਰਨਾਕ ਹੈ, ਖਾਸ ਕਰਕੇ ਓਰੇਗਨ ਅਤੇ ਵਾਸ਼ਿੰਗਟਨ ਵਿੱਚ, ਇਸ ਲਈ ਅਮਰੀਕਾ ਫਿਲਹਾਲ ਕੈਨੇਡਾ ਦੀ ਮਦਦ ਕਰਨ ਦੇ ਯੋਗ ਨਹੀਂ ਹੈ। ਜੁਲਾਈ ਮਹੀਨੇ ਵਿੱਚ ਉੱਤਰੀ ਓਨਟਾਰੀਓ ਦੀਆਂ ਜੰਗਲੀ ਅੱਗਾਂ ਕਾਰਨ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਸੰਘਣਾ ਧੂੰਆਂ ਛਾ ਗਿਆ ਸੀ, ਜਿਸ ਨਾਲ ਹਵਾ ਦਾ ਮਿਆਰ ਬਹੁਤ ਖਰਾਬ ਹੋ ਗਿਆ ਸੀ। ਇਸ ਧੂੰਏਂ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਉੱਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਅਮਰੀਕਾ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਨੂੰ ਇਸਦੇ ਬਦਲੇ ਹਰਜਾਨਾ ਦੇਣਾ ਚਾਹੀਦਾ ਹੈ। ਫਿਲਹਾਲ ਕੈਨੇਡੀਅਨ ਟੀਮਾਂ ਵਿਦੇਸ਼ੀ ਮਦਦ ਨਾਲ ਅੱਗ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ