ਵੈਨਕੂਵਰ (ਏਕਜੋਤ ਸਿੰਘ): ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਲਗਭਗ 3 ਮਹੀਨਿਆਂ ਦੇ ਉੱਚ ਪੱਧਰ ਉੱਤੇ ਪਹੁੰਚ ਗਿਆ ਹੈ। ਨਿਵੇਸ਼ਕਾਂ ਵੱਲੋਂ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਕਾਰਨ ਬਾਂਡ ਯੀਲਡ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਡਾਲਰ 0.1 ਫੀਸਦੀ ਦੇ ਵਾਧੇ ਨਾਲ 1.3790 ਪ੍ਰਤੀ ਅਮਰੀਕੀ ਡਾਲਰ ਜਾਂ 72.52 ਅਮਰੀਕੀ ਸੈਂਟ ਉੱਤੇ ਕਾਰੋਬਾਰ ਕਰ ਰਿਹਾ ਸੀ। ਇਹ 21 ਮਈ ਤੋਂ ਬਾਅਦ ਆਪਣੇ ਸਭ ਤੋਂ ਮਜ਼ਬੂਤ ਇੰਟਰਾਡੇਅ ਪੱਧਰ 1.3757 ਨੂੰ ਛੂਹਣ ਤੋਂ ਬਾਅਦ ਇਸ ਪੱਧਰ ਉੱਤੇ ਆਇਆ ਹੈ। ਵੈਂਟਰੀ ਕੈਪੀਟਲ ਇੰਕ ਦੇ ਚੀਫ ਆਪਰੇਟਿੰਗ ਅਫਸਰ ਡੈਰੇਨ ਰਿਚਰਡਸਨ ਅਨੁਸਾਰ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਅਮਰੀਕੀ ਸਰਕਾਰ ਦੇ ਵਧਦੇ ਕਰਜ਼ੇ ਕਾਰਨ ਅਮਰੀਕੀ ਡਾਲਰ ਦੀ ਕਮਜ਼ੋਰੀ ਪ੍ਰਮੁੱਖ ਕਾਰਕ ਸਨ ਜਿਨ੍ਹਾਂ ਨੇ ਮੁਦਰਾ ਨੂੰ ਸਮਰਥਨ ਦਿੱਤਾ ਹੈ। ਖਜ਼ਾਨਾ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਕੁੱਲ ਅਮਰੀਕੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ।
ਅਮਰੀਕੀ ਡਾਲਰ ਮੁੱਖ ਮੁਦਰਾਵਾਂ ਦੇ ਮੁਕਾਬਲੇ ਮਾਮੂਲੀ ਵਧਿਆ ਹੈ। ਤੇਲ ਕੈਨੇਡਾ ਦੀਆਂ ਪ੍ਰਮੁੱਖ ਬਰਾਮਦਾਂ ਵਿੱਚੋਂ 1 ਹੈ ਅਤੇ ਇਸਦੀ ਕੀਮਤ ਉਦੋਂ ਵਧੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਵਿਰੁੱਧ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ। ਅਮਰੀਕੀ ਕੱਚੇ ਤੇਲ ਦੇ ਫਿਊਚਰਜ਼ 2 ਫੀਸਦੀ ਦੇ ਵਾਧੇ ਨਾਲ 87.50 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਕਰ ਰਹੇ ਸਨ। ਕੈਨੇਡਾ ਅਤੇ ਅਮਰੀਕਾ ਦੇ ਚੋਟੀ ਦੇ ਵਪਾਰਕ ਵਾਰਤਾਕਾਰ ਵੀਰਵਾਰ ਨੂੰ ਲਗਾਤਾਰ 2 ਦਿਨ ਵਾਸ਼ਿੰਗਟਨ ਵਿੱਚ ਮੀਟਿੰਗ ਕਰਨਗੇ ਤਾਂ ਜੋ 1 ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਇਹ ਸਮਝੌਤਾ ਮਹੀਨਿਆਂ ਤੋਂ ਲੱਗੇ ਟੈਰਿਫਾਂ ਅਤੇ ਜਵਾਬੀ ਡਿਊਟੀਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਕੈਨੇਡੀਅਨ ਬਾਂਡ ਯੀਲਡ ਅਮਰੀਕੀ ਖਜ਼ਾਨੇ ਦੀਆਂ ਚਾਲਾਂ ਨੂੰ ਟਰੈਕ ਕਰਦੇ ਹੋਏ ਉੱਚੇ ਪੱਧਰ ਉੱਤੇ ਪਹੁੰਚ ਗਏ ਹਨ। 10 ਸਾਲਾ ਬਾਂਡ 5.8 ਬੇਸਿਸ ਪੁਆਇੰਟ ਵੱਧ ਕੇ 3.752 ਫੀਸਦੀ ਹੋ ਗਿਆ ਹੈ। ਪਿਛਲੇ 1 ਮਹੀਨੇ ਦੌਰਾਨ 10 ਸਾਲਾ ਬਾਂਡ ਵਿੱਚ ਲਗਭਗ 19 ਬੇਸਿਸ ਪੁਆਇੰਟਸ ਦਾ ਵਾਧਾ ਹੋਇਆ ਹੈ। This report was written by Ekjot Singh as part of the Local Journalism Initiative.
ਕੈਨੇਡੀਅਨ ਡਾਲਰ 3 ਮਹੀਨਿਆਂ ਦੇ ਉੱਚ ਪੱਧਰ ’ਤੇ

