ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਅਤੇ ਅਮਰੀਕਾ ਦਰਮਿਆਨ ਚੱਲ ਰਹੀਆਂ ਤਣਾਅਪੂਰਨ ਵਪਾਰਕ ਵਾਰਤਾਵਾਂ ਤੋਂ ਬਾਅਦ ਦੋਵੇਂ ਮੁਲਕ ਨਵੇਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਕਰੀਬ ਪਹੁੰਚ ਗਏ ਹਨ। ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮੀਨਿਕ ਲੇਬਲਾਂਕ ਨੇ ਵਾਸ਼ਿੰਗਟਨ ਡੀ ਸੀ ਵਿਖੇ ਅਮਰੀਕੀ ਵਪਾਰ ਪ੍ਰਤੀਨਿਧੀ ਜੇਮੀਸਨ ਗ੍ਰੀਰ ਨਾਲ ਲੰਮੀ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਗੱਲਬਾਤ ਵਿੱਚ ਚੰਗੀ ਪ੍ਰਗਤੀ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਅਰਥਵਿਵਸਥਾ ’ਤੇ 50% ਤੱਕ ਦੇ ਭਾਰੀ ਟੈਰਿਫ਼ ਲਗਾਉਣ ਦੀਆਂ ਧਮਕੀਆਂ ਦਰਮਿਆਨ ਇਹ ਪੇਸ਼ਰਫ਼ਤ ਸਾਹਮਣੇ ਆਈ ਹੈ। ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚੈਰੇਟ ਸਮਝੌਤੇ ਦੇ ਬਾਕੀ ਨੁਕਤਿਆਂ ਨੂੰ ਸੁਲਝਾਉਣ ਲਈ ਵਾਸ਼ਿੰਗਟਨ ਵਿੱਚ ਹੀ ਡਟੀ ਹੋਈ ਹੈ। ਸੂਤਰਾਂ ਅਨੁਸਾਰ ਇਸ ਨਵੇਂ ਸਮਝੌਤੇ ਤਹਿਤ ਅਮਰੀਕਾ ਸਟੀਲ ਅਤੇ ਐਲੂਮੀਨੀਅਮ ’ਤੇ ਲਗਾਏ ਜਾਣ ਵਾਲੇ ਟੈਰਿਫ਼ ਨੂੰ 50% ਤੋਂ ਘਟਾ ਕੇ 25% ਅਤੇ ਆਟੋਮੋਬਾਈਲ ਖੇਤਰ ’ਤੇ ਟੈਰਿਫ਼ ਨੂੰ 25% ਤੋਂ ਘਟਾ ਕੇ 15% ਕਰ ਸਕਦਾ ਹੈ। ਇਸ ਤੋਂ ਇਲਾਵਾ ਸਾਫਟਵੁੱਡ ਲੰਬਰ ਉਦਯੋਗ ਨੂੰ ਵੀ ਟੈਰਿਫ਼ ਵਿੱਚ ਰਾਹਤ ਦੇਣ ਬਾਰੇ ਗੰਭੀਰ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਕਰਕੇ ਆਰਕਟਿਕ ਸੁਰੱਖਿਆ, ਰੱਖਿਆ ਖ਼ਰਚਿਆਂ ਅਤੇ ਕੌਮਾਂਤਰੀ ਸਾਈਬਰ ਠੱਗੀਆਂ ਨੂੰ ਰੋਕਣ ਸਮੇਤ ਸਾਂਝੇ ਆਰਥਿਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਦੂਜੇ ਪਾਸੇ ਕੈਨੇਡਾ ਦੇ ਸੂਬਾਈ ਆਗੂਆਂ ਨੇ ਇਸ ਸਮਝੌਤੇ ਦੀ ਸਥਿਰਤਾ ’ਤੇ ਖ਼ਦਸ਼ੇ ਪ੍ਰਗਟ ਕੀਤੇ ਹਨ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਅਸਥਿਰ ਸੁਭਾਅ ਕਾਰਨ ਕਿਸੇ ਵੀ ਸਮਝੌਤੇ ’ਤੇ ਅੰਨ੍ਹਾ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਪੀਲ ਦੇ ਬਾਵਜੂਦ ਸੂਬੇ ਦੇ ਸਟੋਰਾਂ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਤੁਰੰਤ ਬਹਾਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਮੁਕੰਮਲ ਵਪਾਰਕ ਸਮਝੌਤਾ ਪੱਕਾ ਨਹੀਂ ਹੁੰਦਾ, ਉਦੋਂ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ। ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਸ਼ੇਟ ਨੇ ਵੀ ਸਪੱਸ਼ਟ ਕੀਤਾ ਕਿ ਗੱਲਬਾਤ ਅਜੇ ਮੁਕੰਮਲ ਨਹੀਂ ਹੋਈ ਹੈ ਅਤੇ ਉਹ ਫੈਡਰਲ ਸਰਕਾਰ ਪਾਸੋਂ ਹੋਰ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ ਤਾਂ ਜੋ ਸਥਾਨਕ ਉਦਯੋਗਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਅਮਰੀਕਾ ਤੇ ਕੈਨੇਡਾ ਵਿਚਕਾਰ ਟਰੇਡ ਡੀਲ ਬਾਰੇ ਗੱਲਬਾਤ ਜਾਰੀ

