ਵੈਨਕੂਵਰ (ਏਕਜੋਤ ਸਿੰਘ): ਪਿਛਲੇ ਕੁਝ ਮਹੀਨਿਆਂ ਵਿੱਚ ਮੈਟਰੋ ਵੈਨਕੂਵਰ ਪੁਲਿਸ ਏਜੰਸੀਆਂ ਵੱਲੋਂ ਈ-ਸਕੂਟਰ ਹਾਦਸਿਆਂ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਕਾਰਨ ਵੀ.ਪੀ.ਡੀ. ਟ੍ਰੈਫਿਕ ਸੈਕਸ਼ਨ ਨੇ ਈ-ਸਕੂਟਰ ਦੇ ਨਿਯਮਾਂ ਅਤੇ ਕਾਨੂੰਨੀ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਵਿੱਚੋਂ ਇੱਕ ਵਿੱਚ 30 ਸਾਲਾ ਔਰਤ ਦੀ ਸਕੂਟਰ ਅਤੇ ਕਾਰ ਦੀ ਟੱਕਰ ਵਿੱਚ ਮੌਤ ਹੋ ਗਈ ਸੀ, ਜਿਸਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਇੱਕ ਹੋਰ ਵੱਖਰੀ ਘਟਨਾ ਵਿੱਚ 54 ਸਾਲਾ ਔਰਤ ਹਾਦਸੇ ਦਾ ਸ਼ਿਕਾਰ ਹੋਈ ਅਤੇ ਉਸਨੂੰ ਸਿਰ ਦੀ ਸੱਟ ਲੱਗਣ ਦੇ ਨਾਲ-ਨਾਲ ਕਾਲਰਬੋਨ ਵੀ ਟੁੱਟ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਘਟਨਾਵਾਂ ਵਿੱਚ ਹੈਲਮੇਟ ਪਹਿਨਣ ਨਾਲ ਨੁਕਸਾਨ ਕਾਫ਼ੀ ਹੱਦ ਤੱਕ ਘੱਟ ਹੋ ਸਕਦਾ ਸੀ। ਵੈਨਕੂਵਰ ਵਿੱਚ ਈ-ਸਕੂਟਰਾਂ ਨੂੰ ਚਲਾਉਣ ਲਈ ਕੁਝ ਖਾਸ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
ਨਿਯਮਾਂ ਅਨੁਸਾਰ ਈ-ਸਕੂਟਰ ਸੈਲਫ-ਪ੍ਰੋਪੈਲਡ ਜਾਂ ਮਨੁੱਖੀ ਤਾਕਤ ਨਾਲ ਚੱਲਣ ਵਾਲੇ ਹੋਣੇ ਚਾਹੀਦੇ ਹਨ। ਮੋਟਰ ਦੀ ਆਊਟਪੁੱਟ 500 ਵਾਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਬੈਟਰੀ ਸਮੇਤ ਇਸਦਾ ਕੁੱਲ ਭਾਰ 40 ਕਿਲੋਗ੍ਰਾਮ ਤੱਕ ਹੀ ਸੀਮਤ ਹੈ। ਪੱਧਰੀ ਜ਼ਮੀਨ ਉੱਤੇ ਇਸਦੀ ਰਫਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਣੀ ਲਾਜ਼ਮੀ ਹੈ। ਇਸ ਵਿੱਚ ਬੈਠਣ ਲਈ ਸੀਟ ਜਾਂ ਪੈਡਲ ਨਹੀਂ ਹੋਣੇ ਚਾਹੀਦੇ, ਸਗੋਂ ਖੜ੍ਹੇ ਹੋਣ ਲਈ ਇੱਕ ਪਲੇਟਫਾਰਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੈਂਡਲਬਾਰ ਸਟੀਅਰਿੰਗ, ਇੱਕ ਘੰਟੀ ਜਾਂ ਹਾਰਨ, ਢੁਕਵੀਆਂ ਬ੍ਰੇਕਾਂ ਅਤੇ ਹਨੇਰੇ ਵਿੱਚ ਚਲਾਉਣ ਲਈ ਲਾਈਟਾਂ ਹੋਣਾ ਵੀ ਜ਼ਰੂਰੀ ਹੈ। ਨਿਯਮਾਂ ਦੀ ਪਾਲਣਾ ਕਰਦੇ ਹੋਏ ਹੈਲਮੇਟ ਪਹਿਨਣਾ ਸਭ ਤੋਂ ਸ਼ਰਤ ਹੈ। ਪੁਲਿਸ ਨੇ ਦੱਸਿਆ ਕਿ 50 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਰਫਤਾਰ ਵਾਲੇ ਹਾਈਵੇਅ ਉੱਤੇ ਈ-ਸਕੂਟਰ ਸਾਈਕਲ ਲੇਨ ਵਿੱਚ ਜਾਂ ਸੜਕ ਦੇ ਸੱਜੇ ਪਾਸੇ ਚਲਾਏ ਜਾ ਸਕਦੇ ਹਨ। ਇਸ ਤੋਂ ਤੇਜ਼ ਰਫਤਾਰ ਵਾਲੇ ਹਾਈਵੇਅ ਉੱਤੇ ਇਨ੍ਹਾਂ ਦੀ ਵਰਤੋਂ ਸਿਰਫ਼ ਤੈਅ ਥਾਵਾਂ ਉੱਤੇ ਹੀ ਹੋ ਸਕਦੀ ਹੈ। ਫੁੱਟਪਾਥਾਂ ਅਤੇ ਕਰਾਸਵਾਕ ਉੱਤੇ ਈ-ਸਕੂਟਰ ਚਲਾਉਣ ਦੀ ਮਨਾਹੀ ਹੈ। ਵੈਨਕੂਵਰ ਸਥਿਤ ਇੱਕ ਇਲੈਕਟ੍ਰਿਕ ਸਕੂਟਰ ਅਤੇ ਈ-ਬਾਈਕ ਰਿਪੇਅਰ ਸ਼ਾਪ ਦੇ ਮਾਹਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੀ.ਸੀ. ਪਾਇਲਟ ਪ੍ਰੋਗਰਾਮ ਤਹਿਤ ਜਨਤਕ ਸੜਕਾਂ ਉੱਤੇ ਸਕੂਟਰ ਚਲਾਉਣ ਲਈ ਰਾਈਡਰ ਦੀ ਉਮਰ ਘੱਟੋ-ਘੱਟ 16 ਸਾਲ ਹੋਣੀ ਜ਼ਰੂਰੀ ਹੈ। ਨਿਯਮਾਂ ਮੁਤਾਬਕ ਕੋਈ ਵੀ ਮਾਪਾ ਜਾਂ ਸਰਪ੍ਰਸਤ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜਨਤਕ ਸੜਕ ਉੱਤੇ ਸਕੂਟਰ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਮਾਹਰਾਂ ਨੇ ਜ਼ੋਰ ਦਿੱਤਾ ਕਿ ਇੱਕ ਸਕੂਟਰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਉੱਤੇ ਇੱਕ ਖਿਡੌਣੇ ਦੀ ਬਜਾਏ ਸੜਕੀ ਵਾਹਨ ਵਾਂਗ ਕੰਮ ਕਰਦਾ ਹੈ। ਮੁਰੰਮਤ ਕੇਂਦਰਾਂ ਵਿੱਚ ਰੋਜ਼ਾਨਾ ਫਲੈਟ ਟਾਇਰ, ਘਸੀਆਂ ਹੋਈਆਂ ਬ੍ਰੇਕਾਂ, ਢਿੱਲੇ ਬੋਲਟ ਅਤੇ ਬੈਟਰੀ ਦੀ ਖਰਾਬੀ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ। 2020 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਟਰ ਸਬੰਧੀ ਪੁੱਛਗਿੱਛ ਅਤੇ ਫਾਰਮ ਜਮ੍ਹਾਂ ਹੋਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਆਨਲਾਈਨ ਮਿਲਣ ਵਾਲੇ ਬਹੁਤ ਸਾਰੇ ਸਕੂਟਰ ਬੀ.ਸੀ. ਦੀਆਂ ਸੜਕਾਂ ਦੇ ਨਿਯਮਾਂ ਅਨੁਸਾਰ ਢੁਕਵੇਂ ਨਹੀਂ ਹੁੰਦੇ, ਇਸ ਲਈ ਖਰੀਦਦਾਰੀ ਸਮੇਂ ਸਥਾਨਕ ਕਾਨੂੰਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। This report was written by Ekjot Singh as part of the Local Journalism Initiative.
ਵੈਨਕੂਵਰ ਵਿੱਚ ਈ-ਸਕੂਟਰ ਨਿਯਮਾਂ ਅਤੇ ਸੁਰੱਖਿਆ ਬਾਰੇ ਜਾਣਕਾਰੀ ਹੋਣੀ ਲਾਜ਼ਮੀ

