ਵਿਧਾਇਕ ਦੀ ਕਾਰਜਸ਼ੈਲੀ ਤੋਂ ਨਾਰਾਜ਼ ਲੋਕਾਂ ਨੇ ਸ਼ੁਰੂ ਕੀਤੀ ਮੁਹਿੰਮ, ਲੋਕਾਂ ਵਿੱਚ ਭਾਰੀ ਰੋਸ
ਵੈਨਕੂਵਰ (ਏਕਜੋਤ ਸਿੰਘ): ਕੈਲੋਨਾ-ਲੇਕ ਕੰਟਰੀ-ਕੋਲਡਸਟ੍ਰੀਮ ਇਲਾਕੇ ਦੀ ਐਮਐਲਏ ਤਾਰਾ ਆਰਮਸਟ੍ਰਾਂਗ ਨੂੰ ਅਹੁਦੇ ਤੋਂ ਹਟਾਉਣ ਲਈ ਅਜੇ ਰਸਮੀ ਪਟੀਸ਼ਨ ਸ਼ੁਰੂ ਨਹੀਂ ਹੋਈ ਹੈ, ਪਰ ਕੋਲਡਸਟ੍ਰੀਮ ਦੇ ਕੁਝ ਪ੍ਰਦਰਸ਼ਨਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 14 ਅਗਸਤ ਨੂੰ ਕਲਾਮਾਲਕਾ ਲੇਕ ਰੋਡ ਅਤੇ ਵੈਸਟਕਲ ਰੋਡ ਦੇ ਕੋਨੇ ਉੱਤੇ ਕੁਝ ਵਸਨੀਕਾਂ ਨੇ ਹੱਥਾਂ ਵਿੱਚ ਬੋਰਡ ਫੜ ਕੇ ਪ੍ਰਦਰਸ਼ਨ ਕੀਤਾ, ਜਿਨ੍ਹਾਂ ਉੱਤੇ ਤਾਰਾ ਆਰਮਸਟ੍ਰਾਂਗ ਨੂੰ ਹਟਾਉਣ ਬਾਰੇ ਲਿਖਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਇਲਾਕੇ ਦੀ ਸਹੀ ਨੁਮਾਇੰਦਗੀ ਨਹੀਂ ਹੋ ਰਹੀ। ਮੁਹਿੰਮ ਵਿੱਚ ਮਦਦ ਕਰਨ ਵਾਲੀ ਕ੍ਰਿਸਟੀਨ ਮੈਕਨੇਅਰ ਨੇ ਦੱਸਿਆ ਕਿ ਆਰਮਸਟ੍ਰਾਂਗ ਨੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਵੇਂ ਕਿ ਸਸਤੇ ਘਰ ਅਤੇ ਬਿਹਤਰ ਸਿਹਤ ਸਹੂਲਤਾਂ।
ਮੈਕਨੇਅਰ ਮੁਤਾਬਕ, ਐਮਐਲਏ ਨੇ ਸਿਰਫ਼ 14 ਅਜਿਹੇ ਬਿੱਲ ਪੇਸ਼ ਕੀਤੇ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਇਲਾਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 2024 ਦੀਆਂ ਸੂਬਾਈ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਆਰਮਸਟ੍ਰਾਂਗ ਦਾ ਸਿਆਸੀ ਸਫ਼ਰ ਕਾਫੀ ਵਿਵਾਦਾਂ ਭਰਿਆ ਰਿਹਾ ਹੈ। ਉਨ੍ਹਾਂ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਬਣਾਈ ਸੀ, ਪਰ ਦਸੰਬਰ 2025 ਵਿੱਚ ਉਸ ਪਾਰਟੀ ਤੋਂ ਵੀ ਵੱਖ ਹੋ ਕੇ ਉਹ ਆਜ਼ਾਦ ਉਮੀਦਵਾਰ ਵਜੋਂ ਕੰਮ ਕਰ ਰਹੇ ਹਨ। ਆਰਮਸਟ੍ਰਾਂਗ ਉੱਤੇ ਅਜਿਹੇ ਬਿੱਲ ਪੇਸ਼ ਕਰਨ ਦੇ ਦੋਸ਼ ਹਨ ਜੋ ਬੀ.ਸੀ. ਹਿਊਮਨ ਰਾਈਟਸ ਟ੍ਰਿਬਿਊਨਲ ਨੂੰ ਖਤਮ ਕਰਨ ਅਤੇ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਵਾਲੇ ਹਨ, ਹਾਲਾਂਕਿ ਉਨ੍ਹਾਂ ਦੇ ਬਿੱਲ ਰੱਦ ਹੋ ਗਏ ਸਨ।
ਵਿਰੋਧੀਆਂ ਦਾ ਕਹਿਣਾ ਹੈ ਕਿ ਐਮਐਲਏ ਦੇ ਵਿਚਾਰ ਕਈ ਘੱਟ ਗਿਣਤੀ ਭਾਈਚਾਰਿਆਂ ਦੇ ਖਿਲਾਫ ਹਨ। ਇਨ੍ਹਾਂ ਕਾਰਨਾਂ ਕਰਕੇ ਲੋਕ ਉਨ੍ਹਾਂ ਨੂੰ ਹਟਾਉਣਾ ਚਾਹੁੰਦੇ ਹਨ। ਇਸ ਮੁਹਿੰਮ ਲਈ ਇਲੈਕਸ਼ਨਜ਼ ਬੀ.ਸੀ. ਨੂੰ ਕਾਗਜ਼ਾਤ ਜਮ੍ਹਾਂ ਕਰਵਾਏ ਜਾ ਰਹੇ ਹਨ। ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ, ਉਨ੍ਹਾਂ ਕੋਲ ਦਸਤਖਤ ਇਕੱਠੇ ਕਰਨ ਲਈ 60 ਦਿਨਾਂ ਦਾ ਸਮਾਂ ਹੋਵੇਗਾ। ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਉਨ੍ਹਾਂ ਨੂੰ ਇਲਾਕੇ ਦੇ ਘੱਟੋ-ਘੱਟ 40 ਫੀਸਦੀ ਯੋਗ ਵੋਟਰਾਂ ਦੇ ਦਸਤਖਤ ਚਾਹੀਦੇ ਹਨ, ਜੋ ਕਿ ਕਰੀਬ 20,000 ਬਣਦੇ ਹਨ। ਪ੍ਰਬੰਧਕਾਂ ਨੂੰ ਪਤਾ ਹੈ ਕਿ ਇਹ ਕੰਮ ਔਖਾ ਹੈ, ਪਰ ਉਹ ਇਸ ਮੁਹਿੰਮ ਵਿੱਚ ਹੋਰ ਲੋਕਾਂ ਦੇ ਜੁੜਨ ਦੀ ਉਮੀਦ ਕਰ ਰਹੇ ਹਨ। This report was written by Ekjot Singh as part of the Local Journalism Initiative.
ਵਿਧਾਿੲਕ ਤਾਰਾ ਆਰਮਸਟ੍ਰਾਂਗ ਨੂੰ ਅਹੁਦੇ ਤੋਂ ਹਟਾਉਣ ਲਈ ਕੋਲਡਸਟ੍ਰੀਮ ਵਿੱਚ ਪ੍ਰਦਰਸ਼ਨ

