12.6 C
Vancouver
Tuesday, October 6, 2026

ਬੀ.ਸੀ. ਹਾਈਡਰੋ ਵੱਲੋਂ ਬਰਨਬੀ ਦੇ ਨਿਊਵੈਲ ਸਬਸਟੇਸ਼ਨ ਲਈ 200 ਮਿਲੀਅਨ ਡਾਲਰ ਦਾ ਨਿਵੇਸ਼

ਵੈਨਕੂਵਰ (ਏਕਜੋਤ ਸਿੰਘ): ਬੀਸੀ ਹਾਈਡਰੋ ਵੱਲੋਂ ਬਰਨਬੀ ਵਿੱਚ ਬਿਜਲੀ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ 200 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਰਕਮ ਨਾਲ ਨਿਊਵੈਲ ਸਬਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਕਦਮ ਨਾਲ ਲਗਭਗ 15,000 ਨਵੇਂ ਗਾਹਕਾਂ ਨੂੰ ਬਿਜਲੀ ਮਿਲੇਗੀ, ਜਿਸ ਨਾਲ ਨਵੇਂ ਘਰਾਂ ਦੀ ਉਸਾਰੀ ਅਤੇ ਕਾਰੋਬਾਰਾਂ ਦੇ ਵਿਕਾਸ ਵਿੱਚ ਮਦਦ ਮਿਲੇਗੀ। ਇਹ ਸਬਸਟੇਸ਼ਨ ਪਿਛਲੇ 70 ਸਾਲਾਂ ਤੋਂ ਬਰਨਬੀ ਦੇ ਘਰਾਂ ਅਤੇ ਸਨਅਤਾਂ ਨੂੰ ਬਿਜਲੀ ਮੁਹੱਈਆ ਕਰਵਾ ਰਿਹਾ ਹੈ।
ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਨਿਵੇਸ਼ ਲੋਕਾਂ ਦੀ ਜ਼ਿੰਦਗੀ ਵਿੱਚ ਅਸਲੀ ਬਦਲਾਅ ਲਿਆਵੇਗਾ। ਇਸ ਨਵੀਨੀਕਰਨ ਨਾਲ ਮੌਜੂਦਾ 60,000 ਗਾਹਕਾਂ ਲਈ ਬਿਜਲੀ ਸਪਲਾਈ ਹੋਰ ਵੀ ਭਰੋਸੇਯੋਗ ਬਣੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਹੋ ਚੁੱਕੇ ਉਪਕਰਣਾਂ ਨੂੰ ਸਮਾਂ ਰਹਿੰਦਿਆਂ ਬਦਲਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਬਰਨਬੀ ਦੇ ਵਸਨੀਕਾਂ ਨੂੰ ਸਾਫ਼ ਅਤੇ ਨਿਰਵਿਘਨ ਬਿਜਲੀ ਮਿਲ ਸਕੇ। ਬਰਨਬੀ ਸੈਂਟਰ ਤੋਂ ਐਮਐਲਏ ਐਨੀ ਕੰਗ ਨੇ ਵੀ ਕਿਹਾ ਕਿ ਮੈਟਰੋਟਾਊਨ ਅਤੇ ਹਾਈਗੇਟ ਵਰਗੇ ਇਲਾਕਿਆਂ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ।
ਇਸ ਪ੍ਰੋਜੈਕਟ ਤਹਿਤ ਪੁਰਾਣੇ ਫੀਡਰ ਸੈਕਸ਼ਨ ਦੀ ਥਾਂ ਇੱਕ ਨਵੀਂ ਅਤੇ ਆਧੁਨਿਕ ਇਮਾਰਤ ਬਣਾਈ ਜਾਵੇਗੀ। ਇਸਦੇ ਨਾਲ ਹੀ ਇੱਕ ਨਵਾਂ ਟਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਪੂਰੀ ਸਾਈਟ ਉੱਤੇ ਬਿਜਲੀ ਦੇ ਢਾਂਚੇ ਨੂੰ ਬਿਹਤਰ ਬਣਾਇਆ ਜਾਵੇਗਾ। ਉਸਾਰੀ ਦਾ ਜ਼ਿਆਦਾਤਰ ਕੰਮ ਮੌਜੂਦਾ ਸਟੇਸ਼ਨ ਦੇ ਅੰਦਰ ਹੀ ਹੋਵੇਗਾ, ਪਰ ਕਿੰਗਸਵੇਅ ਅਤੇ ਗ੍ਰਿਫਿਥਸ ਡਰਾਈਵ ਉੱਤੇ ਕੁਝ ਜ਼ਮੀਨਦੋਜ਼ ਤਾਰਾਂ ਪਾਉਣ ਦਾ ਕੰਮ ਵੀ ਕੀਤਾ ਜਾਵੇਗਾ। ਇਹ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ 2031 ਤੱਕ ਪੂਰੀ ਹੋਣ ਦੀ ਉਮੀਦ ਹੈ।
ਬੀਸੀ ਹਾਈਡਰੋ ਵੱਲੋਂ ਬਰਨਬੀ ਵਿੱਚ ਹੌਰਨ ਪੇਨ, ਲੌਹੀਡ ਅਤੇ ਬਰਨਾਰਡ ਸਬਸਟੇਸ਼ਨਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ 2029 ਤੱਕ ਹਜ਼ਾਰਾਂ ਹੋਰ ਘਰਾਂ ਨੂੰ ਬਿਜਲੀ ਮਿਲੇਗੀ। ਬਰਨਬੀ ਦੇ ਮੇਅਰ ਮਾਈਕ ਹਰਲੀ ਨੇ ਕਿਹਾ ਕਿ ਸ਼ਹਿਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਬੁਨਿਆਦੀ ਢਾਂਚਾ ਵੀ ਇਸੇ ਰਫਤਾਰ ਨਾਲ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਇਹ ਨਿਵੇਸ਼ ਆਉਣ ਵਾਲੇ ਕਈ ਦਹਾਕਿਆਂ ਤੱਕ ਸ਼ਹਿਰ ਨੂੰ ਫਾਇਦਾ ਦੇਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ