ਵੈਨਕੂਵਰ (ਏਕਜੋਤ ਸਿੰਘ): ਗੁਰੂ ਨਾਨਕ ਫੂਡ ਬੈਂਕ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਭਾਈਵਾਲੀ ਨਾਲ ਪੈਂਟਿਕਟਨ, ਸਮਰਲੈਂਡ ਅਤੇ ਓਕਾਨਾਗਨ ਖੇਤਰ ਵਿੱਚ ਜੰਗਲੀ ਅੱਗ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਲਗਭਗ 50,000 ਡਾਲਰ ਦਾ ਰਾਸ਼ਨ ਅਤੇ ਜ਼ਰੂਰੀ ਸਾਮਾਨ ਇਕੱਠਾ ਕੀਤਾ ਹੈ। ਇਹ ਰਾਹਤ ਸਮੱਗਰੀ 16 ਅਗਸਤ ਤੋਂ 18 ਅਗਸਤ ਤੱਕ ਤਿੰਨ ਦਿਨਾਂ ਵਿੱਚ ਇਕੱਠੀ ਕੀਤੀ ਗਈ। ਭਾਈਚਾਰੇ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਜਿਸ ਵਿੱਚ ਡਾਇਪਰ, ਬੱਚਿਆਂ ਦਾ ਭੋਜਨ, ਬੇਬੀ ਵਾਈਪਸ, ਟੁੱਥਬ੍ਰਸ਼, ਟੁੱਥਪੇਸਟ, ਦਵਾਈਆਂ, ਔਰਤਾਂ ਲਈ ਜ਼ਰੂਰੀ ਸਾਮਾਨ, ਪੇਪਰ ਟਾਵਲ, ਟਾਇਲਟ ਪੇਪਰ, ਭਾਂਡੇ ਧੋਣ ਵਾਲਾ ਸਾਬਣ ਅਤੇ ਬਾਡੀ ਵਾਸ਼ ਵਰਗੀਆਂ ਜ਼ਰੂਰੀ ਵਸਤਾਂ ਸ਼ਾਮਲ ਸਨ।
ਬੁੱਧਵਾਰ 19 ਅਗਸਤ ਨੂੰ ਸਰੀ ਸਥਿਤ ਗੁਰੂ ਨਾਨਕ ਫੂਡ ਬੈਂਕ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਜ਼ਰੂਰੀ ਵਸਤਾਂ ਨਾਲ ਭਰਿਆ ਇੱਕ ਟਰੇਲਰ ਓਕਾਨਾਗਨ ਕਾਲਜ ਪੈਂਟਿਕਟਨ ਲਈ ਰਵਾਨਾ ਕੀਤਾ ਜਾਵੇਗਾ। ਉੱਥੋਂ ਇਹ ਸਾਮਾਨ ਅੱਗ ਪ੍ਰਭਾਵਿਤ ਲੋਕਾਂ ਵਿੱਚ ਵੰਡਿਆ ਜਾਵੇਗਾ। ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਅਤੇ ਡਾਇਰੈਕਟਰ ਨਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸਿਰਫ਼ ਤਿੰਨ ਦਿਨਾਂ ਵਿੱਚ ਇੰਨਾ ਸਾਮਾਨ ਇਕੱਠਾ ਹੋਣਾ ਦਾਨੀਆਂ, ਵਲੰਟੀਅਰਾਂ ਅਤੇ ਮੀਡੀਆ ਭਾਈਵਾਲਾਂ ਦੀ ਖੁੱਲ੍ਹ-ਦਿਲੀ ਅਤੇ ਭਾਈਚਾਰਕ ਏਕਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਲੋਕ ਪ੍ਰਭਾਵਿਤ ਪਰਿਵਾਰਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਇਕੱਠੇ ਹੋਏ ਹਨ। ਗੁਰੂ ਨਾਨਕ ਫੂਡ ਬੈਂਕ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਦਾਨ ਦਿੱਤਾ, ਵਲੰਟੀਅਰ ਵਜੋਂ ਸੇਵਾ ਨਿਭਾਈ, ਇਸ ਮੁਹਿੰਮ ਦਾ ਪ੍ਰਚਾਰ ਕੀਤਾ ਜਾਂ ਕਿਸੇ ਵੀ ਤਰ੍ਹਾਂ ਇਸ ਰਾਹਤ ਕਾਰਜ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਵੀ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਾਂਗੇ। This report was written by Ekjot Singh as part of the Local Journalism Initiative.
ਜੰਗਲੀ ਅੱਗ ਪ੍ਰਭਾਵਿਤ ਲੋਕਾਂ ਲਈ ਗੁਰੂ ਨਾਨਕ ਫੂਡ ਬੈਂਕ ਵੱਲੋਂ 50,000 ਡਾਲਰ ਦਾ ਰਾਸ਼ਨ ਇਕੱਠਾ

